PreetNama
ਖਾਸ-ਖਬਰਾਂ/Important News

S-400 ਮਿਜ਼ਾਈਲ ਪ੍ਰਣਾਲੀ ਦੀ ਸਪਲਾਈ ’ਤੇ ਅਮਰੀਕਾ ਨੇ ਪ੍ਰਗਟਾਈ ਚਿੰਤਾ, ਕੀ ਭਾਰਤ ‘ਤੇ ਲਗਾਏਗਾ ਪਾਬੰਦੀ ? ਜਾਣੋ ਪੈਂਟਾਗਨ ਕੀ ਬੋਲਿਆ

ਅਮਰੀਕਾ ਨੇ ਰੂਸ ਵੱਲੋਂ ਸਤ੍ਹਾ ਤੋਂ ਹਵਾ ’ਚ ਮਾਰ ਕਰਨ ਵਾਲੀ ਐੱਸ-400 ਟ੍ਰਾਈਮਫ ਮਿਜ਼ਾਈਲ ਦੀ ਭਾਰਤ ਨੂੰ ਸਪਲਾਈ ਕੀਤੇ ਜਾਣ ’ਤੇ ਚਿੰਤਾ ਪ੍ਰਗਟ ਕੀਤੀ ਹੈ, ਪਰ ਇਸ ਬਾਰੇ ਕੋਈ ਫ਼ੈਸਲਾ ਨਹੀਂ ਲਿਆ ਹੈ ਕਿ ਇਸ ਸੌਦੇ ਨਾਲ ਕਿਵੇਂ ਨਜਿੱਠਿਆ ਜਾਵੇ। ਪੈਂਟਾਗਨ ਦੇ ਸੀਨੀਅਰ ਅਧਿਕਾਰੀ ਨੇ ਇਹ ਗੱਲ ਕਹੀ। ਐੱਸ-400 ਨੂੰ ਲੰਬੀ ਦੂਰੀ ਦੀ ਸਤ੍ਹਾ ਤੋਂ ਹਵਾ ’ਚ ਮਾਰ ਕਰਨ ਵਾਲੀ ਰੂਸ ਦੀ ਸਭ ਤੋਂ ਆਧੁਨਿਕ ਹਥਿਆਰ ਪ੍ਰਣਾਲੀ ਮੰਨਿਆ ਜਾਂਦਾ ਹੈ।

ਇਸ ਸਪਲਾਈ ’ਤੇ ਭਾਰਤੀ ਹਵਾਈ ਫ਼ੌਜ ਵੱਲੋਂ ਕੋਈ ਅਧਿਕਾਰਤ ਟਿੱਪਣੀ ਨਹੀਂ ਕੀਤੀ ਗਈ, ਪਰ ਰੂਸ ਦੀ ਫ਼ੌਜੀ-ਤਕਨੀਕ ਸਹਿਯੋਗ ਲਈ ਸੰਘੀ ਸੇਵਾ (ਐੱਫਐੱਸਐੱਮਟੀਸੀ) ਦੇ ਡਾਇਰੈਕਟਰ ਦਮਿਤਰੀ ਸ਼ੁਗਾਏਵ ਨੇ ਸਪੁਤਨਿਕ ਨਿਊਜ਼ ਏਜੰਸੀ ਨੂੰ ਪਿਛਲੇ ਹਫ਼ਤੇ ਦੱਸਿਆ ਸੀ ਕਿ ਇਸ ਪ੍ਰਣਾਲੀ ਦੀ ਸਪਲਾਈ ਯੋਜਨਾਬੱਧ ਤਰੀਕੇ ਨਾਲ ਕੀਤੀ ਜਾ ਰਹੀ ਹੈ।

ਪੈਂਟਾਗਨ ਦੇ ਬੁਲਾਰੇ ਜਾਨ ਕਿਰਬੀ ਨੇ ਸੋਮਵਾਰ ਨੂੰ ਪ੍ਰੈੱਸ ਬ੍ਰੀਫਿੰਗ ’ਚ ਇਕ ਸਵਾਲ ਦੇ ਜਵਾਬ ’ਚ ਕਿਹਾ ਕਿ ਅਸੀਂ ਇਸ ਪ੍ਰਣਾਲੀ ਬਾਰੇ ਆਪਣੀ ਚਿੰਤਾ ਆਪਣੇ ਭਾਰਤੀ ਭਾਈਵਾਲਾਂ ਨੂੰ ਬਹੁਤ ਸਪਸ਼ਟ ਤਰੀਕੇ ਨਾਲ ਪ੍ਰਗਟ ਕਰ ਚੁੱਕੇ ਹਾਂ। ਉਨ੍ਹਾਂ ਤੋਂ ਪੁੱਛਿਆ ਗਿਆ ਸੀ ਕਿ ਰੱਖਿਆ ਵਿਭਾਗ ਭਾਰਤ ਨੂੰ ਐੱਸ-400 ਦੀ ਪਹਿਲੀ ਖੇਪ ਮਿਲਣ ਬਾਰੇ ਕਿੰਨਾ ਚਿੰਤਤ ਹੈ।

ਸਮਝਿਆ ਜਾਂਦਾ ਹੈ ਕਿ ਮਿਜ਼ਾਈਲ ਪ੍ਰਣਾਲੀ ਦੇ ਕੁਝ ਕਲਪੁਰਜਿਆਂ ਦੀ ਸਪਲਾਈ ਸ਼ੁਰੂ ਹੋ ਗਈ ਹੈ ਤੇ ਸਾਰੇ ਅਹਿਮ ਭਾਈਵਾਲ ਅਜੇ ਭਾਰਤ ਨਹੀਂ ਪਹੁੰਚੇ। ਹਾਲਾਂਕਿ ਕਿਰਬੀ ਨੇ ਸੰਕੇਤ ਦਿੱਤਾ ਹੈ ਕਿ ਅਮਰੀਕਾ ਨੇ ਅਜੇ ਇਸ ਬਾਰੇ ਫ਼ੈਸਲਾ ਨਹੀਂ ਕੀਤਾ ਕਿ ਭਾਰਤ ਤੇ ਰੂਸ ਵਿਚਾਰ ਲੈਣ-ਦੇਣ ਨਾਲ ਕਿਵੇਂ ਨਜਿੱਠਿਆ ਜਾਵੇ। ਉਨ੍ਹਾਂ ਕਿਹਾ ਕਿ ਸਾਨੂੰ ਉਸ ਪ੍ਰਣਾਲੀ ਬਾਰੇ ਯਕੀਨੀ ਤੌਰ ’ਤੇ ਚਿੰਤਾ ਹੈ, ਪਰ ਮੇਰੇ ਕੋਲ ਤੁਹਾਡੇ ਲਈ ਕੋਈ ਤਾਜ਼ਾ ਜਾਣਕਾਰੀ ਨਹੀਂ ਹੈ।

ਅਮਰੀਕਾ ਦੀ ਉਪ-ਵਿਦੇਸ਼ ਮੰਤਰੀ ਵੈਂਡੀ ਸ਼ੇਰਮਨ ਨੇ ਪਿਛਲੇ ਮਹੀਨੇ ਭਾਰਤ ਯਾਤਰਾ ਦੌਰਾਨ ਕਿਹਾ ਸੀ ਕਿ ਕੋਈ ਵੀ ਦੇਸ਼ ਐੱਸ-400 ਮਿਜ਼ਾਈਲ ਪ੍ਰਣਾਲੀ ਦੀ ਵਰਤੋਂ ਦਾ ਫ਼ੈਸਲਾ ਕਰਦਾ ਹੈ ਤਾਂ ਇਹ ਖ਼ਤਰਨਾਕ ਹੈ ਤੇ ਕਿਸੇ ਦੀ ਸੁਰੱਖਿਆ ਦੇ ਹਿੱਤ ’ਚ ਨਹੀਂ ਹੈ। ਉਨ੍ਹਾਂ ਨੇ ਇਹ ਵੀ ਉਮੀਦ ਪ੍ਰਗਟਾਈ ਸੀ ਕਿ ਅਮਰੀਕਾ ਤੇ ਭਾਰਤ ਖ਼ਰੀਦ ਬਾਰੇ ਕੁਝ ਮਤਭੇਦ ਹੱਲ ਕਰ ਲੈਣਗੇ। ਸਮਝਿਆ ਜਾਂਦਾ ਹੈ ਕਿ ਭਾਰਤ ਤੇ ਅਮਰੀਕਾ ਵਿਚਕਾਰ ਇਸ ਮਾਮਲੇ ’ਤੇ ਵਿਚਾਰ ਚੱਲ ਰਿਹਾ ਹੈ।

ਭਾਰਤ ਨੇ ਅਕਤੂਬਰ, 2018 ’ਚ ਐੱਸ-400 ਹਵਾਈ ਰੱਖਿਆ ਮਿਜ਼ਾਈਲ ਪ੍ਰਣਾਲੀ ਦੀਆਂ ਪੰਜ ਇਕਾਈਆਂ ਖ਼ਰੀਦਣ ਲਈ ਰੂਸ ਨਾਲ ਪੰਜ ਅਰਬ ਡਾਲਰ ਦਾ ਸਮਝੌਤਾ ਕੀਤਾ ਸੀ। ਉਸ ਸਮੇਂ ਟਰੰਪ ਪ੍ਰਸ਼ਾਸਨ ਨੇ ਚਿਤਾਵਨੀ ਦਿੱਤੀ ਸੀ ਕਿ ਇਸ ਤਰ੍ਹਾਂ ਦੇ ਸੌਦੇ ’ਤੇ ਅਮਰੀਕਾ ਪਾਬੰਦੀਆਂ ਲਗਾ ਸਕਦਾ ਹੈ। ਬਾਇਡਨ ਪ੍ਰਸ਼ਾਸਨ ਨੇ ਅਜੇ ਤਕ ਸਪਸ਼ਟ ਨਹੀਂ ਕੀਤਾ ਕਿ ਉਹ ਆਪਣੇ ਕਾਨੂੰਨ ਦੀਆਂ ਮੱਦਾਂ ਤਹਿਤ ਭਾਰਤ ’ਤੇ ਐੱਸ-400 ਮਿਜ਼ਾਈਲ ਪ੍ਰਣਾਲੀ ਖ਼ਰੀਦਣ ਲਈ ਪਾਬੰਦੀ ਲਗਾਏਗਾ ਜਾਂ ਨਹੀਂ।

Related posts

ਆਰਐੱਸਐੱਸ ਦੇ ਮੁਖੀ ਮੋਹਨ ਭਾਗਵਤ ਨੂੰ ਮੋਦੀ ਤੇ ਸ਼ਾਹ ਦੇ ਬਰਾਬਰ ਦੀ ਸੁਰੱਖਿਆ

On Punjab

ਮੁੱਖ ਮੰਤਰੀ ਦੀ ਅਗਵਾਈ ’ਚ ਵਜ਼ਾਰਤ ਵੱਲੋਂ ਸਾਲ 2025-26 ਦੇ ਬਜਟ ਅਨੁਮਾਨਾਂ ਨੂੰ ਪ੍ਰਵਾਨਗੀ

On Punjab

ਨਾਸਾ ਦੀ ਚੇਤਾਵਨੀ, ਧਰਤੀ ਵੱਲ ਤੇਜ਼ੀ ਨਾਲ ਵਧ ਰਹੇ ਪੰਜ ਉਲਕਾ ਪਿੰਡ

On Punjab