ਪੰਜਾਬ ਦੇ ਜਲੰਧਰ ਤੋਂ ਕਾਂਗਰਸ ਦੇ ਲੋਕ ਸਭਾ ਮੈਂਬਰ ਸੰਤੋਖ ਸਿੰਘ ਚੌਧਰੀ ਦੀ ਭਾਰਤ ਜੋੜੋ ਯਾਤਰਾ ਦੌਰਾਨ ਸ਼ਨੀਵਾਰ ਸਵੇਰੇ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ। ਦੱਸ ਦੇਈਏ ਕਿ ਉਹ ਭਾਰਤ ਜੋੜੋ ਯਾਤਰਾ ‘ਚ ਰਾਹੁਲ ਗਾਂਧੀ ਨਾਲ ਪੈਦਲ ਯਾਤਰਾ ਕਰ ਰਹੇ ਸਨ। ਇਸ ਦੌਰਾਨ ਉਨ੍ਹਾਂ ਨੂੰ ਦਿਲ ਦਾ ਦੌਰਾ ਪਿਆ। ਉਸ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।
ਕੌਣ ਸਨ ਕਾਂਗਰਸੀ ਐੱਮਪੀ ਸੰਤੋਖ ਸਿੰਘ
ਸੰਤੋਖ ਸਿੰਘ ਚੌਧਰੀ ਦਾ ਜਨਮ 18 ਜੂਨ 1946 ਨੂੰ ਜਲੰਧਰ ਜ਼ਿਲ੍ਹੇ ਦੀ ਨਕੋਦਰ ਤਹਿਸੀਲ ‘ਚ ਸਥਿਤ ਪਿੰਡ ਧਾਲੀਵਾਲ ਵਿਖੇ ਹੋਇਆ ਸੀ। ਉਹ ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਤੇ ਜਲੰਧਰ ਲੋਕ ਸਭਾ ਹਲਕੇ ਤੋਂ ਸੰਸਦ ਮੈਂਬਰ ਸਨ। ਉਨ੍ਹਾਂ ਨੇ 2014 ਦੀਆਂ ਲੋਕ ਸਭਾ ਚੋਣਾਂ ਕਾਂਗਰਸ ਪਾਰਟੀ ਦੀ ਟਿਕਟ ‘ਤੇ ਜਿੱਤੀਆਂ ਸਨ। ਸਾਲ 2019 ‘ਚ ਵੀ ਉਨ੍ਹਾਂ ਦੀ ਜਿੱਤ ਦਾ ਸਿਲਸਿਲਾ ਜਾਰੀ ਰਿਹਾ ਤੇ ਉਹ ਜਲੰਧਰ ਲੋਕ ਸਭਾ ਹਲਕੇ ਤੋਂ ਜਿੱਤੇ। ਹਾਲਾਂਕਿ ਅੱਜ ਸਵੇਰੇ ਉਨ੍ਹਾਂ ਨੇ ਭਾਰਤ ਜੋੜੋ ਯਾਤਰਾ ਦੌਰਾਨ 76 ਸਾਲ ਦੀ ਉਮਰ ਵਿੱਚ ਆਖਰੀ ਸਾਹ ਲਿਆ।
ਤਿੰਨ ਮਹੀਨੇ ਦੀ ਜੇਲ੍ਹ ਵੀ ਕੱਟੀ
ਦੱਸ ਦੇਈਏ ਕਿ ਜਦੋਂ ਪੰਜਾਬ ਵਿਚ ਅੱਤਵਾਦ ਆਪਣੇ ਸਿਖਰ ‘ਤੇ ਸੀ ਤਾਂ ਸੰਤੋਖ ਸਿੰਘ ਨੇ ਪਾਰਟੀ ਦਾ ਝੰਡਾ ਬੁਲੰਦ ਰੱਖਿਆ ਸੀ। ਉਨ੍ਹਾਂ ਨੇ ਆਪਣੇ ਸਿਆਸੀ ਜੀਵਨ ਵਿਚ ਤਿੰਨ ਮਹੀਨੇ ਜੇਲ੍ਹ ਵੀ ਕੱਟੀ। ਸੰਤੋਖ ਸਿੰਘ ਦੋ ਵਾਰ ਵਿਧਾਇਕ ਤੇ ਮੰਤਰੀ ਰਹੇ। ਇਸ ਤੋਂ ਬਾਅਦ ਜਲੰਧਰ ਤੋਂ ਲਗਾਤਾਰ ਦੋ ਵਾਰ ਸੰਸਦ ਮੈਂਬਰ ਚੁਣੇ ਗਏ। ਦੱਸ ਦੇਈਏ ਕਿ ਸੰਤੋਖ ਸਿੰਘ 75 ਸਾਲ ਦੀ ਉਮਰ ਵਿੱਚ ਵੀ ਆਪਣੀ ਸਿਹਤ ਦਾ ਪੂਰਾ ਖਿਆਲ ਰੱਖਦੇ ਸਨ। ਉਹ ਰੈਗੂਲਰ ਜਿੰਮਿੰਗ, ਰੋਜ਼ਾਨਾ ਬ੍ਰਿਸਕ ਵਾਕ ਦੇ ਨਾਲ-ਨਾਲ ਗੋਲਫ ਖੇਡਣ ਅਤੇ ਕਿਤਾਬਾਂ ਪੜ੍ਹਨਾ ਵੀ ਪਸੰਦ ਸੀ।
ਪੇਸ਼ੇ ਵਜੋਂ ਵਕੀਲ ਸਨ ਸੰਤੋਖ ਸਿੰਘ ਚੌਧਰੀ
ਦੱਸ ਦੇਈਏ ਕਿ ਸੰਤੋਖ ਸਿੰਘ ਚੌਧਰੀ ਨੇ ਆਪਣੀ ਮੁਢਲੀ ਸਿੱਖਿਆ 1964 ‘ਚ ਡੀਏਵੀ ਸਕੂਲ ਚੰਡੀਗੜ੍ਹ ਤੋਂ ਪ੍ਰਾਪਤ ਕੀਤੀ। ਇਸ ਤੋਂ ਬਾਅਦ ਅਗਲੇਰੀ ਸਿੱਖਿਆ ਡੀਏਵੀ ਕਾਲਜ ਜਲੰਧਰ ਤੋਂ 1968 ਵਿੱਚ ਅਤੇ ਫਿਰ 1972 ਵਿੱਚ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੋਂ ਕੀਤੀ। ਸੰਤੋਖ ਸਿੰਘ ਚੌਧਰੀ ਪੇਸ਼ੇ ਤੋਂ ਵਕੀਲ ਸਨ।
ਅਜਿਹਾ ਰਿਹਾ ਸੰਤੋਖ ਸਿੰਘ ਦਾ ਸਿਆਸੀ ਸਫ਼ਰ
ਜਾਣਕਾਰੀ ਅਨੁਸਾਰ ਸੰਤੋਖ ਸਿੰਘ ਚੌਧਰੀ ਨੇ ਆਪਣਾ ਸਿਆਸੀ ਸਫ਼ਰ ਯੂਥ ਕਾਂਗਰਸ ਤੋਂ ਸ਼ੁਰੂ ਕੀਤਾ ਸੀ। ਇਸ ਤੋਂ ਬਾਅਦ ਉਨ੍ਹਾਂ ਨੇ ਹੌਲੀ-ਹੌਲੀ ਸੂਬੇ ਦੀ ਰਾਜਨੀਤੀ ‘ਚ ਆਪਣੀ ਪਕੜ ਮਜ਼ਬੂਤ ਕਰ ਲਈ। ਸੰਤੋਖ ਸਿੰਘ ਪਹਿਲੀ ਵਾਰ 1992 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਫਿਲੌਰ ਤੋਂ ਵਿਧਾਇਕ ਚੁਣੇ ਗਏ ਸਨ। ਸੰਤੋਖ ਸਿੰਘ ਪ੍ਰਤਾਪ ਸਿੰਘ ਕੈਰੋਂ ਅਤੇ ਗਿਆਨੀ ਜ਼ੈਲ ਸਿੰਘ ਦੀ ਸਰਕਾਰ ਵਿੱਚ ਖੇਤੀਬਾੜੀ ਤੇ ਜੰਗਲਾਤ ਮੰਤਰੀ ਵੀ ਬਣੇ। ਉਨ੍ਹਾਂ ਨੇ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਖੋਲ੍ਹ ਕੇ ਪੰਜਾਬ ਸਮੇਤ ਦੇਸ਼ ਵਿੱਚ ਹਰੀ ਕ੍ਰਾਂਤੀ ਲਿਆਉਣ ਵਿੱਚ ਅਹਿਮ ਭੂਮਿਕਾ ਨਿਭਾਈ।
ਪਿਤਾ ਦੇ ਨਕਸ਼ੇ ਕਦਮਾਂ ‘ਤੇ ਚੱਲਦਿਆਂ ਰਾਜਨੀਤੀ ਦਾ ਹਿੱਸਾ ਬਣੇ ਸੰਤੋਖ
ਵਰਨਣਯੋਗ ਹੈ ਕਿ ਸੰਤੋਖ ਸਿੰਘ ਆਪਣੇ ਪਰਿਵਾਰ ਵਿੱਚ ਦੂਜੀ ਪੀੜ੍ਹੀ ਦੇ ਆਗੂ ਸਨ। ਉਨ੍ਹਾਂ ਦੇ ਪਿਤਾ ਮਾਸਟਰ ਗੁਰਬੰਤਾ ਸਿੰਘ ਪਹਿਲੀ ਵਾਰ 1938 ਵਿੱਚ ਅਖੰਡ ਭਾਰਤ ‘ਚ ਵਿਧਾਇਕ ਬਣੇ ਸਨ। ਜਦੋਂਕਿ ਦਾਦਾ ਗੋਪਾਲ ਸਿੰਘ ਕਿਸਾਨ ਸਨ। ਸੰਤੋਖ ਸਿੰਘ ਨੇ ਵੀ ਆਪਣੇ ਪਿਤਾ ਦੇ ਨਕਸ਼ੇ-ਕਦਮਾਂ ‘ਤੇ ਚੱਲਦਿਆਂ ਰਾਜਨੀਤੀ ਵੱਲ ਰੁਖ਼ ਕੀਤਾ।
ਕੂਕਿੰਗ ਤੇ ਮਿਊਜ਼ਿਕ ਵੀ ਸੀ ਪਸੰਦ
ਚੌਧਰੀ ਸੰਤੋਖ ਸਿੰਘ ਨੂੰ ਘਰ ਵਿਚ ਮਿਲਦੇ ਫ੍ਰੀ ਸਮੇਂ ਵਿਚ ਖਾਣਾ ਬਣਾਉਣਾ ਵੀ ਬਹੁਤ ਪਸੰਦ ਸੀ। ਆਪਣਾ ਮਨਪਸੰਦ ਆਮਲੇਟ ਬਣਾਉਣਾ ਵੀ ਬਹੁਤ ਪਸੰਦ ਸੀ। ਉਨ੍ਹਾਂ ਨੂੰ ਜਗਜੀਤ ਸਿੰਘ, ਗ਼ੁਲਾਮ ਅਲੀ ਤੇ ਮਹਿੰਦੀ ਹਸਨ ਦੀਆਂ ਗ਼ਜ਼ਲਾਂ ਸੁਣਨਾ ਵੀ ਪਸੰਦ ਸੀ।
ਪੈੱਨ ਤੇ ਘੜੀਆਂ ਦਾ ਰੱਖਦੇ ਸੀ ਸ਼ੌਕ
ਸੰਤੋਖ ਸਿੰਘ ਚੌਧਰੀ ਨੂੰ ਮੋਂਟਬਲੈਂਕ ਦੇ ਪੈੱਨ ਤੇ ਓਮੈਗਾ ਦੀਆਂ ਘੜੀਆਂ ਪਾਉਣਾ ਬਹੁਤ ਜ਼ਿਆਦਾ ਪਸੰਦ ਸੀ।