ਜੀ20 ਸੰਮੇਲਨ ਲਈ ਨਵੀਂ ਦਿੱਲੀ ਆਏ ਸਾਊਦੀ ਅਰਬ ਦੇ ਕ੍ਰਾਊਨ ਪ੍ਰਿੰਸ ਮੁਹੰਮਦ ਬਿਨ ਸਲਮਾਨ ਅੱਜ ਭਾਰਤ ਦੇ ਦੌਰੇ ‘ਤੇ ਹੋਣਗੇ। ਇਸ ਦੌਰਾਨ ਉਨ੍ਹਾਂ ਦਾ ਰਾਸ਼ਟਰਪਤੀ ਭਵਨ ‘ਚ ਰਸਮੀ ਸਵਾਗਤ ਕੀਤਾ ਜਾਵੇਗਾ। ਇਹ ਉਨ੍ਹਾਂ ਦਾ ਦੂਜਾ ਦੌਰਾ ਹੈ।ਇਸ ਤੋਂ ਪਹਿਲਾਂ ਕ੍ਰਾਊਨ ਪ੍ਰਿੰਸ ਮੁਹੰਮਦ ਬਿਨ ਸਲਮਾਨ ਨੇ 2019 ਵਿੱਚ ਵੀ ਭਾਰਤ ਦਾ ਰਾਜਕੀ ਦੌਰਾ ਕੀਤਾ ਸੀ।
ਦੱਸ ਦਈਏ ਕਿ ਉਸ ਵੇਲੇ ਦੋਵਾਂ ਦੇਸ਼ਾਂ ਨੇ ਰਣਨੀਤਕ ਭਾਈਵਾਲੀ ਕੌਂਸਲ ਬਣਾਈ ਸੀ। ਅੱਜ ਦੀ ਮੀਟਿੰਗ ਵਿੱਚ ਇਸ ਕੌਂਸਲ ਦੇ ਕੰਮਕਾਜ ਬਾਰੇ ਚਰਚਾ ਕੀਤੀ ਜਾਵੇਗੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਰਾਜਨੀਤੀ, ਸੁਰੱਖਿਆ, ਰੱਖਿਆ, ਵਪਾਰ ਅਤੇ ਆਰਥਿਕਤਾ ਦੇ ਮੁੱਦਿਆਂ ‘ਤੇ ਵੀ ਚਰਚਾ ਕਰਨਗੇ। ਸਾਊਦੀ ਕ੍ਰਾਊਨ ਪ੍ਰਿੰਸ ਪੀਐਮ ਮੋਦੀ ਨਾਲ ਦੋ-ਪੱਖੀ ਬੈਠਕ ਵੀ ਕਰਨਗੇ। ਇਸ ਦੌਰਾਨ ਦੋਹਾਂ ਦੇਸ਼ਾਂ ਵਿਚਾਲੇ ਊਰਜਾ ਸਹਿਯੋਗ ਅਤੇ ਰੱਖਿਆ ਸੌਦੇ ਹੋ ਸਕਦੇ ਹਨ। ਇਸ ਸਾਲ ਫਰਵਰੀ ‘ਚ ਭਾਰਤੀ ਹਵਾਈ ਸੈਨਾ ਦੇ ਜਹਾਜ਼ ਪਹਿਲੀ ਵਾਰ ਸਾਊਦੀ ਅਰਬ ਦੀ ਧਰਤੀ ‘ਤੇ ਉਤਰੇ ਸਨ। ਸਾਲ 2022-23 ਵਿੱਚ ਦੋਵਾਂ ਦੇਸ਼ਾਂ ਵਿਚਾਲੇ 52.75 ਬਿਲੀਅਨ ਡਾਲਰ ਦਾ ਵਪਾਰ ਹੋਇਆ। ਭਾਰਤ ਸਾਊਦੀ ਦਾ ਦੂਜਾ ਸਭ ਤੋਂ ਵੱਡਾ ਵਪਾਰਕ ਭਾਈਵਾਲ ਹੈ। ਸਾਊਦੀ ਵਿੱਚ ਭਾਰਤੀ ਭਾਈਚਾਰੇ ਦੇ 20 ਲੱਖ ਤੋਂ ਵੱਧ ਲੋਕ ਰਹਿੰਦੇ ਹਨ। ਹਰ ਸਾਲ 1 ਲੱਖ 75 ਹਜ਼ਾਰ ਭਾਰਤੀ ਹੱਜ ਲਈ ਸਾਊਦੀ ਜਾਂਦੇ ਹਨ।
ਜਦੋਂ ਸਾਊਦੀ ਕ੍ਰਾਊਨ ਪ੍ਰਿੰਸ ਮੁਹੰਮਦ ਸਲਮਾਨ 2019 ਵਿੱਚ ਭਾਰਤ ਦੇ ਰਾਜਕੀ ਦੌਰੇ ‘ਤੇ ਆਏ ਸਨ, ਉਹ ਪਾਕਿਸਤਾਨ ਦੇ ਰਸਤੇ ਆਏ ਸਨ। ਸਾਊਦੀ ਭਾਰਤ ਨਾਲ ਆਪਣੀ ਨੇੜਤਾ ਵਧਾ ਰਿਹਾ ਹੈ। ਭਾਰਤ ਨੇ ਕਸ਼ਮੀਰ ਵਿੱਚ ਜੀ-20 ਸੰਮੇਲਨ ਦੀ ਮੀਟਿੰਗ ਕੀਤੀ। ਸਾਊਦੀ ਨੇ ਇਸ ‘ਚ ਆਪਣੇ ਪ੍ਰਤੀਨਿਧੀ ਨੂੰ ਸ਼ਾਮਿਲ ਕਰਨ ਤੋਂ ਇਨਕਾਰ ਕਰ ਦਿੱਤਾ ਸੀ। ਜਦੋਂ ਪਾਕਿਸਤਾਨ ਨੇ 1998 ਵਿੱਚ ਪਰਮਾਣੂ ਪ੍ਰੀਖਣ ਕੀਤਾ ਸੀ ਤਾਂ ਸਾਊਦੀ ਅਰਬ ਨੇ ਖੁੱਲ੍ਹ ਕੇ ਉਨ੍ਹਾਂ ਦਾ ਸਮਰਥਨ ਕੀਤਾ ਸੀ।ਹਾਲਾਂਕਿ, ਹੁਣ ਲਗਾਤਾਰ ਬਦਲ ਰਹੀ ਭੂ-ਰਾਜਨੀਤੀ ਵਿੱਚ ਸਾਰੇ ਦੇਸ਼ਾਂ ਦੇ ਸਬੰਧ ਬਦਲ ਰਹੇ ਹਨ। ਸਾਊਦੀ ਅਰਬ ਤੇਲ ‘ਤੇ ਆਪਣੀ ਆਰਥਿਕਤਾ ਦੀ ਨਿਰਭਰਤਾ ਨੂੰ ਘੱਟ ਕਰਨਾ ਚਾਹੁੰਦਾ ਹੈ।
ਅਜਿਹੇ ‘ਚ ਉਹ ਵਪਾਰ ਲਈ ਨਵੇਂ ਭਾਈਵਾਲਾਂ ਦੀ ਤਲਾਸ਼ ਕਰ ਰਿਹਾ ਹੈ। ਭਾਰਤ ਵੀ ਇਨ੍ਹਾਂ ਵਿੱਚੋਂ ਇੱਕ ਹੈ। ਪਾਕਿਸਤਾਨ ਦੇ ਦਬਾਅ ਦੇ ਬਾਵਜੂਦ ਜਦੋਂ ਭਾਰਤ ਸਰਕਾਰ ਨੇ ਕਸ਼ਮੀਰ ਨੂੰ ਦਿੱਤਾ ਗਿਆ ਵਿਸ਼ੇਸ਼ ਦਰਜਾ ਖਤਮ ਕਰ ਦਿੱਤਾ ਸੀ ਤਾਂ ਸਾਊਦੀ ਨੇ ਕਸ਼ਮੀਰ ‘ਚ ਆਯੋਜਿਤ ਜੀ-20 ਸੰਮੇਲਨ ‘ਚ ਹਿੱਸਾ ਨਹੀਂ ਲਿਆ ਸੀ, ਪਰ ਸਾਊਦੀ ਨੇ ਭਾਰਤ ਦੀ ਆਲੋਚਨਾ ਕਰਨ ਤੋਂ ਇਨਕਾਰ ਕਰ ਦਿੱਤਾ ਸੀ। ਸਾਊਦੀ ਪਾਕਿਸਤਾਨ ਦੀ ਆਰਥਿਕ ਤੌਰ ‘ਤੇ ਬਹੁਤ ਮਦਦ ਕਰਦਾ ਹੈ। ਜੁਲਾਈ ‘ਚ ਸਾਊਦੀ ਨੇ ਆਰਥਿਕ ਸੰਕਟ ਵਿਚਾਲੇ ਪਾਕਿਸਤਾਨ ਨੂੰ 2 ਅਰਬ ਡਾਲਰ ਦਾ ਕਰਜ਼ਾ ਦਿੱਤਾ ਸੀ।
![](https://www.preetnama.com/wp-content/uploads/2023/09/modi-And-israil.jpg)