ਕਾਂਗਰਸੀ ਆਗੂ ਰਾਹੁਲ ਗਾਂਧੀ ਨੇ ਅਗਨੀਵੀਰ ਯੋਜਨਾ ਨੂੰ ਲੰਬੇ ਹੱਥੀਂ ਲਿਆ। ਉਨ੍ਹਾਂ ਕਿਹਾ ਕਿ ਇਹ ਭਾਰਤ ਦੇ ਬਹਾਦਰਾਂ ਦਾ ਅਪਮਾਨ ਕਰਨ ਲਈ ਬਣਾਈ ਗਈ ਯੋਜਨਾ ਹੈ। ਅਗਨੀਵੀਰਾਂ ਦੀ ਸ਼ਹਾਦਤ ਤੋਂ ਬਾਅਦ ਉਨ੍ਹਾਂ ਦੇ ਪਰਿਵਾਰਾਂ ਨੂੰ ਕੋਈ ਪੈਨਸ਼ਨ ਜਾਂ ਹੋਰ ਲਾਭ ਨਹੀਂ ਦਿੱਤਾ ਜਾਂਦਾ। ਦੂਜੇ ਪਾਸੇ ਭਾਜਪਾ ਨੇ ਇਨ੍ਹਾਂ ਦੋਸ਼ਾਂ ਨੂੰ ਪੂਰੀ ਤਰ੍ਹਾਂ ਨਕਾਰਿਆ ਹੈ। ਉਨ੍ਹਾਂ ਨੇ ਸਿਆਚਿਨ ’ਚ ਸ਼ਹੀਦ ਹੋਏ ਮਹਾਰਾਸ਼ਟਰ ਦੇ ਅਗਨੀਵੀਰ ਗਵਾਟੇ ਅਕਸ਼ੈ ਲਕਸ਼ਮਣ ਦੀ ਤਸਵੀਰ ਸਾਂਝੀ ਕੀਤੀ ਤੇ ਕਿਹਾ ਕਿ ਉਨ੍ਹਾਂ ਦੀ ਜਾਨ ਚਲੀ ਜਾਣ ਦੀ ਖ਼ਬਰ ਦੁਖਦਾਈ ਹੈ। ਉਨ੍ਹਾਂ ਨੇ ਐਕਸ ’ਤੇ ਲਿਖਿਆ, ‘ਗਵਾਟੇ ਦੇ ਪਰਿਵਾਰ ਪ੍ਰਤੀ ਮੇਰੀਆਂ ਡੂੰਘੀਆਂ ਸੰਵੇਦਨਾਵਾਂ ਹਨ। ਇਕ ਜਵਾਨ ਦੇਸ਼ ਲਈ ਸ਼ਹੀਦ ਹੋ ਗਿਆ। ਉਸ ਦੀ ਸੇਵਾ ਲਈ ਕੋਈ ਗ੍ਰੈਚਿਊਟੀ ਨਹੀਂ, ਕੋਈ ਹੋਰ ਫ਼ੌਜੀ ਸਹੂਲਤਾਂ ਨਹੀਂ ਤੇ ਸ਼ਹੀਦੀ ’ਤੇ ਉਸ ਦੇ ਪਰਿਵਾਰ ਨੂੰ ਕੋਈ ਪੈਨਸ਼ਨ ਨਹੀਂ। ਇਸ ਤਰ੍ਹਾਂ ਅਗਨੀਵੀਰ ਭਾਰਤ ਦੇ ਨਾਇਕਾਂ ਦਾ ਅਪਮਾਨ ਕਰਨ ਦੀ ਇਕ ਯੋਜਨਾ ਹੈ। ਦੂਜੇ ਪਾਸੇ ਭਾਜਪਾ ਆਈਟੀ ਸੈੱਲ ਦੇ ਮੁਖੀ ਅਮਿਤ ਮਾਲਵੀਆ ਨੇ ਉਨ੍ਹਾਂ ਦੇ ਦੋਸ਼ਾਂ ਨੂੰ ਪੂਰੀ ਤਰ੍ਹਾਂ ਬਕਵਾਸ ਤੇ ਗ਼ੈਰ-ਜ਼ਿੰਮੇਵਾਰਾਨਾ ਦੱਸਿਆ। ਉਨ੍ਹਾਂ ਕਿਹਾ ਕਿ ਅਗਨੀਵੀਰ ਗਵਾਟੇ ਨੇ ਸੇਵਾ ਦੌਰਾਨ ਆਪਣਾ ਜੀਵਨ ਕੁਰਬਾਨ ਕੀਤਾ ਹੈ ਤੇ ਉਹ ਸ਼ਹੀਦ ਦੇ ਰੂਪ ’ਚ ਸਭ ਕੁਝ ਦੇ ਹੱਕਦਾਰ ਹਨ। ਉੁਨ੍ਹਾਂ ਐਕਸ ’ਤੇ ਪੋਸਟ ਕੀਤਾ ਕਿ ਗਵਾਟੇ ਦੇ ਪਰਿਵਾਰ ਵਾਲਿਆਂ ਨੂੰ 48 ਲੱਖ ਰੁਪਏ ਦਾ ਬੀਮਾ, 44 ਲੱਖ ਰੁਪਏ ਦੀ ਐਕਸ ਗ੍ਰੇਸ਼ੀਆ ਗਰਾਂਟ, ਅਗਨੀਵੀਰ ਵੱਲੋਂ ਯੋਗਦਾਨ ਦਿੱਤੇ ਗਏ ਪੀਐੱਫ ਦੇ 30 ਫ਼ੀਸਦੀ ਹਿੱਸੇ ’ਚ ਸਰਕਾਰ ਦੀ ਬਰਾਬਰ ਹਿੱਸੇਦਾਰੀ ਸਮੇਤ ਕੁੱਲ ਕਰੀਬ ਇਕ ਕਰੋੜ ਰੁਪਏ ਮਿਲਣਗੇ। ਇਹੋ ਨਹੀਂ, ਗਵਾਟੇ ਦੀ ਸ਼ਹੀਦੀ ਦੇ ਚਾਰ ਸਾਲ ਪੂਰੇ ਹੋਣ ਤੱਕ ਬਾਕੀ ਕਾਰਜਕਾਲ ਲਈ ਉਨ੍ਹਾਂ ਦੇ ਪਰਿਵਾਰ ਨੂੰ ਤਨਖ਼ਾਹ ਵੀ ਦਿੱਤੀ ਜਾਵੇਗੀ, ਜੋ 13 ਲੱਖ ਤੋਂ ਜ਼ਿਆਦਾ ਹੋਵੇਗੀ। ਇਸ ਤੋਂ ਇਲਾਵਾ ਹਥਿਆਰਬੰਦ ਬਲ ਯੁੱਧ ਨੁਕਸਾਨ ਫੰਡ ’ਚੋਂ ਅੱਠ ਲੱਖ ਰੁਪਏ ਦਿੱਤੇ ਜਾਣਗੇ। ਉਨ੍ਹਾਂ ਨੇ ਰਾਹੁਲ ਗਾਂਧੀ ਨੂੰ ਨਸੀਹਤ ਦਿੰਦਿਆਂ ਕਿਹਾ ਕਿ ਤੁਸੀਂ ਫੇਕ ਨਿਊਜ਼ ਚਲਾਉਣਾ ਬੰਦ ਕਰੋ। ਤੁਸੀਂ ਪ੍ਰਧਾਨ ਮੰਤਰੀ ਬਣਨ ਦਾ ਸੁਪਨਾ ਰੱਖਦੇ ਹੋ। ਕੋਸ਼ਿਸ਼ ਕਰੋ ਅਤੇ ਉਹੋ ਜਿਹਾ ਵਿਵਹਾਰ ਕਰੋ।