ਸ਼ਹੀਦ ਦੀ ਆਜ਼ਾਦੀ ਲਈ ਆਜ਼ਾਦੀ ਅੰਦੋਲਨ ‘ਚ ਕਈ ਵੀਰ ਸਪੂਤਾਂ ਨੇ ਦੇਸ਼ ਲਈ ਬਲੀਦਾਨ ਦੇ ਦਿੱਤਾ ਸੀ। ਆਪਣੀ ਜਾਨ ਨੂੰ ਹੱਸਦੇ-ਹੱਸਦੇ ਕੁਰਬਾਨ ਕਰ ਦੇਣ ਵਾਲੇ ਵੀਰ ਸਪੂਤਾਂ ਨੂੰ ਹਰ ਸਾਲ ਕਿਸੇ-ਨਾ-ਕਿਸੇ ਅਵਸਰ ‘ਤੇ ਜ਼ਰੂਰ ਯਾਦ ਕੀਤਾ ਜਾਂਦਾ ਹੈ। ਪਰ ਹਰ ਸਾਲ 23 ਮਾਰਚ ਦਾ ਦਿਨ ਸ਼ਹੀਦੀ ਦਿਵਸ ਦੇ ਰੂਪ ‘ਚ ਮਨਾਇਆ ਜਾਂਦਾ ਹੈ। ਅਸਲ ਵਿਚ 23 ਮਾਰਚ ਹੀ ਉਹ ਦਿਨ ਹੈ ਜਿਸ ਦਿਨ ਭਾਰਤ ਮਾਂ ਦੇ ਵੀਰ ਸਪੂਤ ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ ਨੂੰ ਅੰਗਰੇਜ਼ਾਂ ਨੇ ਫਾਂਸੀ ‘ਤੇ ਲਟਕਾ ਦਿੱਤਾ ਸੀ।
ਭਾਰਤ ਵਾਸੀਆਂ ਨੂੰ ਮਾਣ ਮਹਿਸੂਸ ਕਰਵਾਉਂਦੈ ਸ਼ਹੀਦ ਦਿਵਸ
ਹਰ ਸਾਲ 23 ਮਾਰਚ ਨੂੰ ਸ਼ਹੀਦ ਦਿਵਸ ਮਨਾ ਕੇ ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ ਨੂੰ ਯਾਦ ਕੀਤਾ ਜਾਂਦਾ ਹੈ ਤੇ ਉਨ੍ਹਾਂ ਨੂੰ ਸ਼ਰਧਾਂਜਲੀ ਦਿੱਤੀ ਜਾਂਦੀ ਹੈ। ਭਗਤ ਸਿੰਘ ਨੇ ਆਪਣੇ ਅਤਿ ਸੰਖੇਪ ਜੀਵਨ ‘ਚ ਵਿਚਾਰਕ ਕ੍ਰਾਂਤੀ ਦੀ ਜਿਹੜੀ ਮਸ਼ਾਲ ਜਲਾਈ, ਉਸ ਤੋਂ ਅੱਜ ਵੀ ਕਈ ਯੁਵਾ ਪ੍ਰਭਾਵਿਤ ਹੁੰਦੇ ਹਨ।
ਭਗਤ ਸਿੰਘ ਨੇ ਬੰਬ ਸੁੱਟਣ ਵਾਲੇ ਪਰਚੇ ‘ਚ ਲਿਖੀਆਂ ਸਨ ਇਹ ਗੱਲਾਂ
ਤੱਤਕਾਲੀ ਅੰਗਰੇਜ਼ ਸਰਕਾਰ ਦੇ ਕੰਨ ਖੋਲ੍ਹਣ ਲਈ ਭਗਤ ਸਿੰਘ ਨੇ ਜਿਹੜਾ ਬੰਬ ਸੁੱਟਿਆ ਸੀ, ਉਸ ਦੇ ਨਾਲ ਕੁਝ ਪਰਚੇ ਵੀ ਸੁੱਟੇ ਗਏ ਸਨ, ਜਿਸ ਵਿਚ ਲਿਖਿਆ ਹੋਇਆ ਸੀ ਕਿ ‘ਆਦਮੀ ਨੂੰ ਮਾਰਿਆ ਜਾ ਸਕਦਾ ਹੈ, ਉਸ ਦੇ ਵਿਚਾਰਾਂ ਨੂੰ ਨਹੀਂ। ਵੱਡੇ ਸਾਮਰਾਜਾਂ ਦਾ ਪਤਨ ਹੋ ਜਾਂਦੈ ਪਰ ਵਿਚਾਰ ਹਮੇਸ਼ਾ ਜੀਵਤ ਰਹਿੰਦੇ ਹਨ ਤੇ ਬਹਿਰੇ ਹੋ ਚੁੱਕੇ ਲੋਕਾਂ ਨੂੰ ਸੁਣਾਉਣ ਲਈ ਉੱਚੀ ਆਵਾਜ਼ ਜ਼ਰੂਰੀ ਹੈ।’
ਭਗਤ ਸਿੰਘ ਹਮੇਸ਼ਾ ਚਾਹੁੰਦੇ ਸਨ ਕਿ ਕੋਈ ਖ਼ੂਨ-ਖ਼ਰਾਬਾ ਨਾ ਹੋਵੇ ਤੇ ਅੰਗਰੇਜ਼ਾਂ ਤਕ ਉਨ੍ਹਾਂ ਦੀ ਆਵਾਜ਼ ਪਹੁੰਚੇ। ਇਸ ਲਈ ਯੋਜਨਾ ਬਣਾ ਕੇ ਭਗਤ ਸਿੰਘ ਤੇ ਬਟੁਕੇਸ਼ਵਰ ਦੱਤ ਨੇ 8 ਅਪ੍ਰੈਲ 1929 ਨੂੰ ਕੇਂਦਰੀ ਅਸੈਂਬਲੀ ‘ਚ ਇਕ ਖ਼ਾਲੀ ਜਗ੍ਹਾ ਬੰਬ ਸੁੱਟਿਆ ਸੀ। ਉਨ੍ਹਾਂ ਦੀ ਗ੍ਰਿਫ਼ਤਾਰੀ ਤੋਂ ਬਾਅਦ ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ ‘ਤੇ ਇਕ ਬ੍ਰਿਟਿਸ਼ ਪੁਲਿਸ ਅਧਿਕਾਰੀ ਜੇਪੀ ਸਾਂਡਰਸ ਦੀ ਹੱਤਿਆ ‘ਚ ਸ਼ਾਮਲ ਹੋਣ ਕਾਰਨ ਦੇਸ਼ਧ੍ਰੋਹ ਤੇ ਹੱਤਿਆ ਦਾ ਮੁਕੱਦਮਾ ਚਲਾਇਆ ਗਿਆ ਸੀ।
ਭਗਤ ਸਿੰਘ
ਸ਼ਹੀਦ ਭਗਤ ਸਿੰਘ ਦਾ ਜਨਮ 28 ਸਤੰਬਰ 1907 ਨੂੰ ਹੋਇਆ ਸੀ ਤੇ 23 ਮਾਰਚ 1931 ਨੂੰ ਸ਼ਾਮ 7.23 ਵਜੇ ਉਨ੍ਹਾਂ ਨੂੰ ਫਾਂਸੀ ਦੇ ਦਿੱਤੀ ਗਈ ਸੀ। ਪਹਿਲਾਂ ਇਨ੍ਹਾਂ ਵੀਰ ਸਪੂਤਾਂ ਨੂੰ 24 ਮਾਰਚ ਨੂੰ ਫਾਂਸੀ ਦਿੱਤੀ ਜਾਣੀ ਸੀ, ਪਰ ਡਰੀ ਹੋਈ ਅੰਗਰੇਜ਼ ਸਰਕਾਰ ਨੇ ਜਨ ਅੰਦੋਲਨ ਨੂੰ ਕੁਚਲਨ ਲਈ ਇਕ ਦਿਨ ਪਹਿਲਾਂ ਹੀ ਫਾਂਸੀ ਦੇ ਦਿੱਤੀ ਸੀ।
ਸ਼ਹੀਦ ਸੁਖਦੇਵ
ਸ਼ਹੀਦ ਸੁਖਦੇਵ ਦਾ ਜਨਮ 15 ਮਈ, 1907 ਨੂੰ ਪੰਜਾਬ ਦੇ ਲਾਇਲਪੁਰ ‘ਚ ਹੋਇਆ ਸੀ। ਇਹ ਇਲਾਕਾ ਹੁਣ ਪਾਕਿਸਤਾਨ ‘ਚ ਹੈ। ਭਗਤ ਸਿੰਘ ਤੇ ਸੁਖਦੇਵ ਦੇ ਪਰਿਵਾਰ ਲਾਇਲਪੁਰ ‘ਚ ਆਸਪਾਸ ਹੀ ਰਹਿੰਦੇ ਸਨ, ਇਨ੍ਹਾਂ ਦੋਵਾਂ ਦੇ ਪਰਿਵਾਰਾਂ ‘ਚ ਡੂੰਘੀ ਦੋਸਤੀ ਸੀ। ਦੋਵੇਂ ਲਾਹੌਰ ਨੈਸ਼ਨਲ ਕਾਲਜ ਦੇ ਵਿਦਿਆਰਥੀ ਸਨ। ਸਾਂਡਰਸ ਹੱਤਿਆਕਾਂਡ ‘ਚ ਸੁਖਦੇਵ ਨੇ ਭਗਤ ਸਿੰਘ ਤੇ ਰਾਜਗੁਰੂ ਦਾ ਸਾਥ ਦਿੱਤਾ ਸੀ।
ਸ਼ਹੀਦ ਰਾਜਗੁਰੂ
ਸ਼ਹੀਦ ਰਾਜਗੁਰੂ ਦਾ ਜਨਮ 24 ਅਗਸਤ, 1908 ਨੂੰ ਪੁਣੇ ਜ਼ਿਲ੍ਹੇ ਦੇ ਖੇੜਾ ‘ਚ ਹੋਇਆ ਸੀ। ਸ਼ਿਵਾਜੀ ਦੀ ਛਾਪਾਮਾਰ ਸ਼ੈਲੀ ਦੇ ਪ੍ਰਸ਼ੰਸਕ ਰਾਜਗੁਰੂ ਲੋਕਮਾਨਯ ਤਿਲਕ ਬਾਲ ਗੰਗਾਧਰ ਤਿਲਕ ਦੇ ਵਿਚਾਰਾਂ ਤੋਂ ਵੀ ਪ੍ਰਭਾਵਿਤ ਸਨ। ਪੁਲਿਸ ਦੇ ਲਾਠੀਚਾਰਜ ਕਾਰਨ ਆਜ਼ਾਦੀ ਸੰਗ੍ਰਾਮ ਦੇ ਇਕ ਵੱਡੇ ਨੇਤਾ ਲਾਲਾ ਲਾਜਪਤ ਰਾਏ ਦਾ ਦੇਹਾਂਤ ਹੋ ਗਿਆ ਸੀ। ਉਨ੍ਹਾਂ ਦੀ ਮੌਤ ਦਾ ਬਦਲਾ ਲੈਣ ਲਈ ਰਾਜਗੁਰੂ ਨੇ 19 ਦਸੰਬਰ, 1928 ਨੂੰ ਭਗਤ ਸਿੰਘ ਨਾਲ ਮਿਲ ਕੇ ਲਾਹੌਰ ‘ਚ ਅੰਗਰੇਜ਼ੀ ਸਹਾਇਕ ਪੁਲਿਸ ਸੁਪਰਡੈਂਟ ਜੇਪੀ ਸਾਂਡਰਸ ਨੂੰ ਗੋਲ਼ੀ ਮਾਰ ਦਿੱਤੀ ਸੀ ਤੇ ਖ਼ੁਦ ਨੂੰ ਗ੍ਰਿਫ਼ਤਾਰ ਕਰਵਾ ਲਿਆ ਸੀ।
