ਮੇਹੁਲੀ ਘੋਸ਼ ਤੇ ਸ਼ਾਹੂ ਤੁਸ਼ਾਰ ਮਾਨੇ ਦੀ ਮਿਕਸਡ ਟੀਮ ਨੇ ਮੰਗਲਵਾਰ ਨੂੰ ਇੱਥੇ ਆਈਐੱਸਐੱਸਐੱਫ ਨਿਸ਼ਾਨੇਬਾਜ਼ੀ ਵਿਸ਼ਵ ਕੱਪ ਦੇ 10 ਮੀਟਰ ਏਅਰ ਰਾਈਫਲ ਮੁਕਾਬਲੇ ਵਿਚ ਹੰਗਰੀ ਖ਼ਿਲਾਫ਼ ਗੋਲਡ ਮੈਡਲ ਮੁਕਾਬਲੇ ਵਿਚ ਥਾਂ ਬਣਾਈ। ਇਸ ਨਾਲ ਉਨ੍ਹਾਂ ਨੇ ਭਾਰਤ ਲਈ ਦੂਜਾ ਮੈਡਲ ਪੱਕਾ ਕੀਤਾ। ਸ਼ਾਹੂ ਤੇ ਮੇਹੁਲੀ ਦੀ ਜੋੜੀ 30 ਟੀਮਾਂ ਦੇ ਮਿਕਸਡ ਟੀਮ ਕੁਆਲੀਫਾਇਰ ਵਿਚ ਸਿਖਰ ‘ਤੇ ਰਹੀ। ਇਨ੍ਹਾਂ ਦੋਵਾਂ ਨੇ ਕੁਆਲੀਫਾਇਰ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ 60 ਸ਼ਾਟ ਤੋਂ ਬਾਅਦ ਕੁੱਲ 634.3 ਅੰਕ ਹਾਸਲ ਕੀਤੇ। ਹੰਗਰੀ ਦੀ ਇਸਤਵਾਨ ਪੇਨੀ ਤੇ ਏਸਟਰ ਮੇਜਾਰੋਸ ਦੀ ਜੋੜੀ 630.3 ਅੰਕਾਂ ਨਾਲ ਦੂਜੇ ਸਥਾਨ ‘ਤੇ ਰਹੀ। ਬੁੱਧਵਾਰ ਨੂੰ ਗੋਲਡ ਮੈਡਲ ਦੇ ਮੁਕਾਬਲੇ ਵਿਚ ਭਾਰਤ ਤੇ ਹੰਗਰੀ ਦੀਆਂ ਟੀਮਾਂ ਆਹਮੋ ਸਾਹਮਣੇ ਹੋਣਗੀਆਂ
ਇਸ ਵਿਚਾਲੇ 10 ਮੀਟਰ ਏਅਰ ਪਿਸਟਲ ਮਿਕਸਡ ਟੀਮ ਮੁਕਾਬਲੇ ਵਿਚ ਸ਼ਿਵ ਨਰਵਾਲ ਤੇ ਪਲਕ ਦੀ ਜੋੜੀ ਨੇ ਕੁਆਲੀਫਾਇਰ ਵਿਚ ਤੀਜਾ ਸਥਾਨ ਹਾਸਲ ਕੀਤਾ ਤੇ ਕਾਂਸੇ ਦੇ ਮੈਡਲ ਦੇ ਮੁਕਾਬਲੇ ਵਿਚ ਥਾਂ ਬਣਾਈ। ਸ਼ਿਵ ਤੇ ਪਲਕ ਨੇ 10 ਮੀਟਰ ਏਅਰ ਪਿਸਟਲ ਮਿਕਸਡ ਟੀਮ ਮੁਕਾਬਲੇ ਵਿਚ 574 ਅੰਕ ਹਾਸਲ ਕੀਤੇ। ਅੰਨਾ ਕੋਰਾਕਾਕੀ ਤੇ ਡਿਓਨੀਸਿਓਸ ਦੀ ਗ੍ਰੀਸ ਦੀ ਜੋੜੀ ਨੇ 579 ਅੰਕਾਂ ਨਾਲ ਦੂਜਾ ਸਥਾਨ ਹਾਸਲ ਕੀਤਾ ਜਦਕਿ ਓਲੰਪਿਕ ਚੈਂਪੀਅਨ ਜੋਰਾਨਾ ਅਰੁਨੋਵਿਕ ਤੇ ਦਾਮਿਰ ਮਿਕੇਕ ਦੀ ਸਰਬਿਆਈ ਜੋੜੀ 584 ਅੰਕਾਂ ਨਾਲ ਸਿਖਰ ‘ਤੇ ਰਹੀ। ਸ਼ਿਵ ਤੇ ਪਲਕ ਕਾਂਸੇ ਦੇ ਮੈਡਲ ਦੇ ਮੁਕਾਬਲੇ ਵਿਚ ਕਜ਼ਾਕਿਸਤਾਨ ਦੀ ਜੋੜੀ ਖ਼ਿਲਾਫ਼ ਉਤਰਨਗੇ। ਭਾਰਤ ਨੇ ਟੂਰਨਾਮੇਂਟ ਵਿਚ ਹੁਣ ਤਕ ਇਕ ਗੋਲਡ ਮੈਡਲ ਜਿੱਤਿਆ ਹੈ ਤੇ ਮੈਡਲ ਸੂਚੀ ਵਿਚ ਚੌਥੇ ਸਥਾਨ ‘ਤੇ ਚੱਲ ਰਿਹਾ ਹੈ। ਅਰਜੁਨ (10 ਮੀਟਰ ਏਅਰ ਰਾਈਫਲ) ਨੇ ਭਾਰਤ ਨੂੰ ਗੋਲਡ ਮੈਡਲ ਦਿਵਾਇਆ ਹੈ।