ਪੰਜਾਬੀ ਗਾਇਕ ਤੇ ਕਾਂਗਰਸੀ ਆਗੂ ਸਿੱਧੂ ਮੂਸੇਵਾਲਾ ਦੀ ਹੱਤਿਆ ਦੀ ਸਾਜ਼ਿਸ਼ ਲਾਰੈਂਸ ਬਿਸ਼ਨੋਈ ਲਈ ਉਸ ਦੇ ਖ਼ਾਸ ਵਿਕਰਮ ਬਰਾਡ਼ ਨੇ ਰਚੀ ਸੀ। ਬਰਾਡ਼ ਨੇ ਹੀ ਸ਼ੂਟਰਾਂ ਦਾ ਇੰਤਜ਼ਾਮ ਕੀਤਾ ਤੇ ਸ਼ੂਟਰਾਂ ਨੂੰ ਸੁਪਾਰੀ ਦੀ ਰਕਮ ਦੇਣ ਦਾ ਵਾਅਦਾ ਕੀਤਾ ਸੀ। ਸ਼ੂਟਰਾਂ ਦੇ ਰਹਿਣ ਤੇ ਫ਼ਰਾਰ ਹੋਣ ’ਚ ਵੀ ਬਰਾਡ਼ ਨੇ ਮਦਦ ਕੀਤੀ ਸੀ। ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਤੇ ਮਹਾਰਾਸ਼ਟਰ ਪੁਲਿਸ ਵੱਲੋਂ ਗ੍ਰਿਫ਼ਤਾਰ ਕੀਤੇ ਗਏ ਸੌਰਭ ਮਹਾਕਾਲ ਤੋਂ ਪੁੱਛਗਿੱਛ ਮਗਰੋਂ ਕਈ ਹੈਰਾਨ ਕਰਨ ਵਾਲੀਆਂ ਜਾਣਕਾਰੀਆਂ ਸਾਹਮਣੇ ਆਈਆਂ ਹਨ। ਮਹਾਕਾਲ ਤੋਂ ਪੁੱਛਗਿੱਛ ਤੋਂ ਬਾਅਦ ਹੱਤਿਆ ’ਚ ਸ਼ਾਮਲ ਅੱਠ ਸ਼ੂਟਰਾਂ ’ਚੋਂ ਛੇ ਦੀ ਪਛਾਣ ਕੀਤੀ ਗਈ ਹੈ। ਇਨ੍ਹਾਂ ’ਚੋਂ ਦੋ ਸ਼ੂਟਰ ਸੰਤੋਸ਼ ਜਾਧਵ ਤੇ ਸ਼ਿਵਨਾਥ ਸੂਰੀਆਵੰਸ਼ੀ ਨੂੰ ਸੌਰਭ ਮਹਾਕਾਲ ਨੇ ਬਰਾਡ਼ ਨਾਲ ਮਿਲਵਾਇਆ ਸੀ। ਵਾਰਦਾਤ ਮਗਰੋਂ ਦੋਵਾਂ ਨੂੰ ਸਾਢੇ ਤਿੰਨ-ਸਾਢੇ ਤਿੰਨ ਲੱਖ ਦਿੱਤੇ ਜਾਣ ਸਨ, ਜਦਕਿ ਬਰਾਡ਼ ਨਾਲ ਮਿਲਵਾਉਣ ਲਈ 50 ਹਜ਼ਾਰ ਰੁਪਏ ਮਹਾਕਾਲ ਨੂੰ ਦਿੱਤੇ ਗਏ ਸਨ। ਸਪੈਸ਼ਲ ਸੈੱਲ ਦੇ ਵਿਸ਼ੇਸ਼ ਕਮਿਸ਼ਨਰ ਐੱਚਐੱਸ ਧਾਲੀਵਾਲ ਨੇ ਸ਼ੁੱਕਰਵਾਰ ਨੂੰ ਮੀਡੀਆ ਨੂੰ ਦੱਸਿਆ ਕਿ ਮੂਸੇਵਾਲਾ ਦੀ ਹੱਤਿਆ ਇਕ ਯੋਜਨਾਬੱਧ ਹੱਤਿਆ ਸੀ। ਪੁਲਿਸ ਨੇ ਸ਼ੱਕੀਆਂ ਦੀਆਂ ਅੱਠ ਤਸਵੀਰਾਂ ਜਾਰੀ ਕੀਤੀਆਂ ਹਨ, ਇਨ੍ਹਾਂ ’ਚੋਂ ਛੇ ਦੀ ਪਛਾਣ ਕਰ ਲਈ ਗਈ ਹੈ। ਵਿਕਰਮ ਬਰਾਡ਼ ਲਾਰੈਂਸ ਬਿਸ਼ਨੋਈ ਦਾ ਮੁੰਬਈ ਮਾਡਿਊਲ ਹੈ। ਬਰਾਡ਼ ਕੁਝ ਸਾਲ ਪਹਿਲਾਂ ਰਾਜਸਥਾਨ ਦੇ ਗੈਂਗਸਟਰ ਆਨੰਦਪਾਲ ਦਾ ਕਰੀਬੀ ਸੀ, ਪਰ ਆਨੰਦਪਾਲ ਦੇ ਐਨਕਾਊਂਟਰ ’ਚ ਮਾਰੇ ਜਾਣ ਤੋਂ ਬਾਅਦ ਉਹ ਲਾਰੈਂਸ ਬਿਸ਼ਨੋਈ ਦੇ ਗਿਰੋਹ ਨਾਲ ਜੁਡ਼ ਗਿਆ। ਫ਼ਿਲਹਾਲ ਪੁਲਿਸ ਬਰਾਡ਼ ਦੀ ਭਾਲ ਕਰ ਰਹੀ ਹੈ। ਸਪੈਸ਼ਲ ਸੈੱਲ ਨੇ ਬਰਾਡ਼ ਦੀ ਐੱਲਓਸੀ ਵੀ ਖੁੱਲ੍ਹਵਾਈ ਸੀ। ਸਪੈਸ਼ਲ ਸੈੱਲ ਨੇ ਸ਼ੱਕਰਵਾਰ ਨੂੰ ਤੀਜੀ ਵਾਰੀ ਲਾਰੈਂਸ ਨੂੰ ਪੁੱਛਗਿੱਛ ਲਈ ਰਿਮਾਂਡ ’ਤੇ ਲਿਆ ਹੈ। ਸਪੈਸ਼ਲ ਸੈੱਲ ਹੱਤਿਆ ’ਚ ਸ਼ਾਮਲ ਲਾਰੈਂਸ ਦੇ ਬਦਮਾਸ਼ਾਂ ਨੂੁੰ ਫਡ਼ਨ ਲਈ ਕਈ ਸੂਬਿਆਂ ’ਚ ਛਾਪੇਮਾਰੀ ਕਰ ਰਿਹਾ ਹੈ। ਸੈੱਲ ਦੀਆਂ ਛੇ ਟੀਮਾਂ ਛਾਪੇ ਮਾਰ ਰਹੀਆਂ ਹਨ।
ਮੂਸੇਵਾਲਾ ਕਤਲ ਕਾਂਡ : ਸੰਦੀਪ ‘ਕੇਕਡ਼ਾ’ ਨੇ ਕੀਤੀ ਸੀ 15 ਹਜ਼ਾਰ ਲੈ ਕੇ ਰੇਕੀ
ਹਰਕ੍ਰਿਸ਼ਨ ਸ਼ਰਮਾ, ਮਾਨਸਾ : ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਵਿਚ ਫਡ਼ੇ ਗਏ ਸੰਦੀਪ ‘ਕੇਕਡ਼ਾ’ ਵੱਲੋਂ 15 ਹਜ਼ਾਰ ਰੁਪਏ ਲੈ ਕੇ ਰੇਕੀ ਕਰਨ ਦਾ ਖ਼ੁਲਾਸਾ ਹੋਇਆ ਹੈ। ਪੁਲਿਸ ਪੁੱਛਗਿਛ ’ਚ ਸਾਹਮਣੇ ਆਇਆ ਹੈ ਕਿ ਸਿਰਸਾ ਜ਼ਿਲ੍ਹੇ ਦੇ ਪਿੰਡ ਕਾਲਿਆਂਵਾਲੀ ਦਾ ਮੁਲਜ਼ਮ ਸੰਦੀਪ ਸਿੰਘ ਉਰਫ਼ ਕੇਕਡ਼ਾ ਨਸ਼ੇ ਦਾ ਆਦਿ ਹੈ। ਦੱਸਿਆ ਜਾ ਰਿਹਾ ਹੈ ਕਿ ਨਸ਼ੇ ਦੇ ਆਦਿ ਹੋਣ ਕਾਰਨ ਉਸ ਨੇ ਇਹ ਕੰਮ ਸਿਰਫ਼ 15 ਹਜ਼ਾਰ ਰੁਪਏ ’ਚ ਕੀਤਾ ਸੀ।
ਇੱਥੇ ਜ਼ਿਕਰਯੋਗ ਹੈ ਕਿ ਕੇਕਡ਼ਾ ਦੀ ਗ੍ਰਿਫ਼ਤਾਰੀ ਸਿੱਧੂ ਮੂਸੇਵਾਲਾ ਦੇ ਕਤਲ ਕੇਸ ਤੋਂ ਬਾਅਦ ਇਕ ਸੀਸੀਟੀਵੀ ਫੁਟੇਜ ’ਚ ਸਾਹਮਣੇ ਆਉਣ ਤੋਂ ਬਾਅਦ ਹੋਈ ਸੀ। ਇਸ ਪਿੱਛੋਂ ਪੁਲਿਸ ਵੱਲੋਂ ਉਸ ਦਾ ਰਿਮਾਂਡ ਲਿਆ ਗਿਆ ਸੀ ਅਤੇ 11 ਜੂਨ ਨੂੰ ਉਸ ਦੀ ਅਦਾਲਤ ’ਚ ਮੁਡ਼ ਪੇਸ਼ੀ ਹੋਣੀ ਹੈ। ਰਿਮਾਂਡ ’ਚ ਇਹ 15 ਹਜ਼ਾਰ ਰੁਪਏ ’ਚ ਰੇਕੀ ਕੀਤੇ ਜਾਣ ਦੇ ਖ਼ੁਲਾਸੇ ਦੀ ਗੱਲ ਸਾਹਮਣੇ ਆ ਰਹੀ ਹੈ।