ਨਵੀਂ ਦਿੱਲੀ : ਬਾਲੀਵੁੱਡ ਦੇ ਗਲਿਆਰਿਆਂ ਤੋਂ ਬਹੁਤ ਹੀ ਦੁਖਦਾਈ ਖ਼ਬਰ ਸਾਹਮਣੇ ਆਈ ਹੈ। ‘ਅਤਿਥੀ ਤੁਮ ਕਬ ਜਾਏਗੇ’, ‘ਸਨ ਆਫ਼ ਸਰਦਾਰ’ ਤੇ ਲੰਡਨ ‘ਚ ਮਹਿਮਾਨ ਵਰਗੀਆਂ ਫ਼ਿਲਮਾਂ ਦੇ ਨਿਰਦੇਸ਼ਕ ਅਸ਼ਵਨੀ ਧਰ ਨੇ ਆਪਣਾ ਜਵਾਨ ਪੁੱਤਰ ਗੁਆਇਆ ਹੈ। ਇਹ ਹਾਦਸਾ 23 ਨਵੰਬਰ ਸ਼ਨੀਵਾਰ ਸਵੇਰੇ ਮੁੰਬਈ ਦੇ ਵੈਸਟਰਨ ਐਕਸਪ੍ਰੈਸ ਹਾਈਵੇਅ ਵਿਲੇ ਪਾਰਲੇ ਨੇੜੇ ਵਾਪਰਿਆ। ਨਿਰਦੇਸ਼ਕ ਦਾ 18 ਸਾਲਾ ਬੇਟਾ ਜਲਜ ਧੀਰ ਆਪਣੇ ਤਿੰਨ ਦੋਸਤਾਂ ਨਾਲ ਗੱਡੀ ਚਲਾਉਣ ਲਈ ਘਰੋਂ ਨਿਕਲਿਆ ਸੀ।ਰਿਪੋਰਟ ਮੁਤਾਬਕ ਜਲਜ ਨਾਲ ਇਸ ਹਾਦਸੇ ‘ਚ ਇਕ ਹੋਰ ਦੋਸਤ ਦੀ ਜਾਨ ਚਲੀ ਗਈ। ਅਸ਼ਵਨੀ ਧੀਰ ਦੇ ਬੇਟੇ ਦੀ ਮੌਤ ਤੋਂ ਬਾਅਦ ਪੁਲਿਸ ਨੇ ਗੱਡੀ ਚਲਾ ਰਹੇ ਦੋਸਤ ਨੂੰ ਗ੍ਰਿਫ਼ਤਾਰ ਕਰ ਲਿਆ ਹੈ।
ਦੋਸਤ ਨੇ ਡਿਵਾਈਡਰ ‘ਤੇ ਚੜ੍ਹਾਈ ਕਾਰ-ਛਪੀ ਖ਼ਬਰ ਮੁਤਾਬਕ 23 ਨਵੰਬਰ ਨੂੰ ਜਲਜ ਆਪਣੇ ਤਿੰਨ ਦੋਸਤਾਂ ਸਾਹਿਲ ਮੈਂਢਾ, ਸਾਰਥ ਕੌਸ਼ਿਕ ਤੇ ਜੈਡਨ ਜਿੰਮੀ ਨਾਲ ਕਾਰ ਚਲਾਉਣ ਲਈ ਨਿਕਲਿਆ ਸੀ। ਸਾਹਿਲ ਤੇ ਜੇਡੇਨ ਸਾਹਮਣੇ ਵਾਲੀ ਸੀਟ ‘ਤੇ ਬੈਠੇ ਸਨ, ਜਦ ਕਿ ਅਸ਼ਵਨੀ ਧੀਰ ਦਾ ਬੇਟਾ ਜਲਜ ਤੇ ਉਸ ਦਾ ਦੋਸਤ ਸਾਰਥ ਪਿਛਲੀ ਸੀਟ ‘ਤੇ ਬੈਠੇ ਸੀ।
ਇਸ ਰਿਪੋਰਟ ‘ਚ ਇਹ ਵੀ ਦਾਅਵਾ ਕੀਤਾ ਗਿਆ ਹੈ ਕਿ ਗੱਡੀ ਚਲਾ ਰਹੇ 18 ਸਾਲਾ ਸਾਹਿਲ ਨੇ ਸ਼ਰਾਬ ਪੀਤੀ ਹੋਈ ਸੀ ਤੇ ਨਸ਼ੇ ‘ਚ ਹੋਣ ਕਾਰਨ ਉਸ ਨੇ ਮੁੰਬਈ ਦੇ ਵਿਲੇ ਪਾਰਲੇ ‘ਚ ਸਹਾਰਾ ਹੋਟਲ ਨੇੜ੍ਹੇ ਡਿਵਾਈਡਰ ‘ਤੇ ਕਾਰ ਨੂੰ ਟੱਕਰ ਮਾਰ ਦਿੱਤੀ। ਕਾਰ ਹਾਦਸੇ ‘ਚ ਸਾਹਿਲ ਤੇ ਜੈਡੇਨ ਨੂੰ ਕੋਈ ਗੰਭੀਰ ਸੱਟ ਨਹੀਂ ਲੱਗੀ, ਜਦਕਿ ਜਲਜ ਤੇ ਸਾਰਥ ਸੜਕ ਹਾਦਸੇ ‘ਚ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਏ, ਜਿਸ ਤੋਂ ਬਾਅਦ ਉਨ੍ਹਾਂ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ। ਰਿਪੋਰਟ ਮੁਤਾਬਕ ਜਲਜ ਨੂੰ ਪਹਿਲਾਂ ਜੋਗੇਸ਼ਵਰੀ ਹਸਪਤਾਲ ‘ਚ ਦਾਖ਼ਲ ਕਰਵਾਇਆ ਗਿਆ ਫਿਰ ਉਸ ਨੂੰ ਅੰਧੇਰੀ ਦੇ ਕੋਕਿਲਾਬੇਨ ਹਸਪਤਾਲ ‘ਚ ਦਾਖ਼ਲ ਕਰਵਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।
ਬਿਆਨ ਮਗਰੋਂ ਗ੍ਰਿਫ਼ਤਾਰ-ਇਸ ਰਿਪੋਰਟ ‘ਚ ਇਹ ਵੀ ਦਾਅਵਾ ਕੀਤਾ ਗਿਆ ਹੈ ਕਿ ਜਿੰਮੀ ਦੀ ਸ਼ਿਕਾਇਤ ਦੇ ਆਧਾਰ ‘ਤੇ ਸਾਹਿਲ ਨੂੰ ਮੁੰਬਈ ਪੁਲਿਸ ਨੇ ਗ੍ਰਿਫ਼ਤਾਰ ਕੀਤਾ ਹੈ। ਜਿੰਮੀ ਨੇ ਆਪਣੇ ਬਿਆਨ ‘ਚ ਦੱਸਿਆ ਕਿ ਸਾਹਿਲ ਨੇ ਸ਼ਰਾਬ ਪੀਤੀ ਹੋਈ ਸੀ ਜਦੋਂ ਉਹ ਆਪਣੇ ਦੋਸਤ ਦੇ ਘਰ ਤੋਂ ਵਾਪਸ ਆ ਰਿਹਾ ਸੀ। ਉਹ 22 ਨਵੰਬਰ ਦੀ ਰਾਤ ਕਰੀਬ 11 ਵਜੇ ਜਲਰਾਜ ਦੇ ਘਰ ਆਇਆ ਸੀ। ਇਸ ਤੋਂ ਬਾਅਦ ਉਨ੍ਹਾਂ ਸਾਰਿਆਂ ਨੇ 23 ਨਵੰਬਰ ਨੂੰ ਸਵੇਰੇ 3:30 ਵਜੇ ਕਰੀਬ ਗੱਡੀ ਚਲਾਉਣ ਦਾ ਫ਼ੈਸਲਾ ਕੀਤਾ।
ਜਿੰਮੀ ਮੁਤਾਬਕ ਉਹ ਕਰੀਬ 4 ਵਜੇ ਬਾਂਦਰਾ ਪਹੁੰਚਿਆ। ਪਹਿਲਾਂ ਤਾਂ ਉਹ ਕਾਰ ਚਲਾ ਰਿਹਾ ਸੀ, ਇਸ ਤੋਂ ਬਾਅਦ ਸਾਹਿਲ ਡਰਾਈਵਿੰਗ ਸੀਟ ‘ਤੇ ਆ ਗਿਆ ਤੇ ਘਰ ਵਾਪਸ ਆਉਂਦੇ ਸਮੇਂ ਉਸ ਨੇ 120 ਤੋਂ 150 ਕਿਲੋਮੀਟਰ ਦੀ ਰਫ਼ਤਾਰ ਨਾਲ ਗੱਡੀ ਚਲਾਈ ਜਿਸ ਕਾਰਨ ਕਾਰ ਦਾ ਸੰਤੁਲਨ ਵਿਗੜ ਗਿਆ। ਰਿਪੋਰਟ ‘ਚ ਇਹ ਵੀ ਦਾਅਵਾ ਕੀਤਾ ਜਾ ਰਿਹਾ ਹੈ ਕਿ ਜਲਜ ਆਪਣੇ ਪਿਤਾ ਨੂੰ ਦੱਸੇ ਬਿਨਾਂ ਦੋਸਤਾਂ ਨਾਲ ਡਰਾਈਵਿੰਗ ਕਰਨ ਚਲਾ ਗਿਆ ਸੀ। ਨਿਰਦੇਸ਼ਕ ਅਸ਼ਵਨੀ ਧੀਰ ਦੀ ਗੱਲ ਕਰੀਏ ਤਾਂ ਉਸ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਸਾਲ 2008 ‘ਚ ਫਿਲਮ ‘ਏਕ ਦੋ ਤੀਨ’ ਨਾਲ ਕੀਤੀ ਸੀ। ਇਸ ਤੋਂ ਬਾਅਦ ਉਸਨੇ ਯੂ ਮੀ ਤੇ ਹਮ, ਕ੍ਰੇਜ਼ੀ 4 ਵਰਗੀਆਂ ਕਈ ਫਿਲਮਾਂ ਲਈ ਕਹਾਣੀਆਂ ਲਿਖੀਆਂ ਤੇ ਉਨ੍ਹਾਂ ਨੂੰ ਡਾਇਰੈਕਟ ਕੀਤਾ।