ਸਪੇਸ ਐਕਸ ਦਾ ਡ੍ਰੈਗਨ ਕ੍ਰੂ ਕੈਪਸੂਲ ਐਤਵਾਰ ਸਥਾਨਕ ਸਮੇਂ ਮੁਤਾਬਕ ਦੁਪਹਿਰ ਦੋ ਵੱਜ ਕੇ 48 ਮਿੰਟ ‘ਤੇ ਸਫਲਤਾਪੂਰਵਕ ਧਰਤੀ ‘ਤੇ ਪਰਤ ਆਇਆ। ਕੈਪਸੂਲ ਅੰਤਰ ਰਾਸ਼ਟਰੀ ਪੁਲਾੜ ਸਟੇਸ਼ਨ ਤੋਂ ਸ਼ਨੀਵਾਰ ਸ਼ਾਮ 7:54 ‘ਤੇ ਧਰਤੀ ਤੋਂ ਰਵਾਨਾ ਹੋਇਆ ਸੀ। ਰਿਪੋਰਟ ਮੁਤਾਬਕ ਫਲੋਰਿਡਾ ਤਟ ਤੋਂ ਕੁਝ ਕਿਲੋਮੀਟਰ ਦੂਰੀ ‘ਤੇ ਕੈਪਸੂਲ ਨੇ ਸਮੰਦਰ ‘ਚ ਸਫ਼ਲ ਲੈਂਡਿੰਗ ਕੀਤੀ।
ਇਸ ਤੋਂ ਬਾਅਦ ਮੌਕੇ ‘ਤੇ ਪਹੁੰਚੀ ਸਪੇਸਐਕਸ ਅਤੇ ਨਾਸਾ ਦੀ ਟੀਮ ਨੇ ਕੈਪਸੂਲ ਸਮੁੰਦਰ ਤੋਂ ਬਾਹਰ ਕੱਢਿਆ। ਇਸ ਨਾਲ ਪੁਲਾੜ ‘ਚ ਗਏ ਨਾਸਾ ਦੇ ਦੋ ਪੁਲਾੜ ਯਾਤਰੀ ਧਰਤੀ ‘ਤੇ ਪਰਤੇ ਹਨ। ਪੁਲਾੜ ਯਾਤਰੀ 49 ਸਾਲਾ ਬੌਬ ਬ੍ਰੇਹਕੇਨ ਅਤੇ 53 ਸਾਲਾ ਡਗਲਸ ਹਰਲੀ ਸਿਹਤਮੰਦ ਹਨ। ਧਰਤੀ ‘ਤੇ ਉੱਤਰਣ ਮਗਰੋਂ ਇਕ ਘੰਟੇ ਤੋਂ ਵੀ ਜ਼ਿਆਦਾ ਸਮੇਂ ਬਾਅਦ ਦੋਵਾਂ ਨੂੰ ਕੈਪਸੂਲ ‘ਚੋਂ ਕੱਢਿਆ ਗਿਆ।
ਅਮਰੀਕਾ ਨੇ 45 ਸਾਲ ‘ਚ ਪਹਿਲੀ ਵਾਰ ਪੁਲਾੜ ਯਾਤਰੀਆਂ ਨੂੰ ਸਿੱਧਾ ਸਮੁੰਦਰ ‘ਚ ਉਤਾਰਿਆ। ਫੋਲਰਿਡਾ ਦੇ ਤਟੀ ਇਲਾਕੇ ‘ਚ ਚੱਕਰਵਾਤ ਇਸਾਯਸ ਦਾ ਖਤਰਾ ਹੋਣ ਦੇ ਬਾਵਜੂਦ ਇਨ੍ਹਾਂ ਆਪਣਾ ਮਿਸ਼ਨ ਜਾਰੀ ਰੱਖਿਆ। ਯਾਨ ਦੇ ਉੱਤਰਨ ਲਈ ਇਕ-ਦੋ ਨਹੀਂ ਸੱਤ ਵੱਖ-ਵੱਖ ਸਥਾਨ ਚੁਣੇ ਗਏ ਸਨ ਪਰ ਮੈਕਸੀਕੋ ਖਾੜੀ ‘ਤੇ ਹੀ ਇਸ ਦੇ ਉੱਤਰਨ ਦੀਆਂ ਸੰਭਾਵਨਾਵਾਂ ਜ਼ਿਆਦਾ ਸਨ।
ਸਾਲ 2011 ਤੋਂ ਬਾਅਦ ਅਮਰੀਕਾ ਨੇ ਪਹਿਲੀ ਵਾਰ ਕੋਈ ਮਨੁੱਖੀ ਮਿਸ਼ਨ ਪੁਲਾੜ ‘ਚ ਭੇਜਿਆ ਸੀ। ਨਾਸਾ ਨੇ ਕੈਨੇਡੀ ਸਪੇਸ ਸੈਂਟਰ ਤੋਂ 30 ਮਈ ਨੂੰ ਇਹ ਮਿਸ਼ਨ ਰਵਾਨਾ ਕੀਤਾ ਸੀ। ਪੁਲਾੜ ਯਾਤਰੀ 31 ਮਈ ਤੋਂ ਹੀ ਇੰਟਰਨੈਸ਼ਨਲ ਸਪੇਸ ਸਟੇਸ਼ਨ ‘ਤੇ ਮੌਜੂਦ ਸਨ। ਇਸ ਦੌਰਾਨ ਪੁਲਾੜ ‘ਤੇ ਚਹਿਲਕਦਮੀ ਕਰਨ ਤੋਂ ਇਲਾਵਾ ਇਨ੍ਹਾਂ ਨੇ ਕਈ ਪ੍ਰਯੋਗ ਵੀ ਕੀਤੇ।