ਯੂਐੱਸ ਫੈਡਰਲ ਏਵੀਏਸ਼ਨ ਐਡਮਿਨਿਸਟ੍ਰੇਸ਼ਨ (ਐੱਫਏਏ) ਨੇ ਸ਼ੁੱਕਰਵਾਰ ਨੂੰ ਐਲਨ ਮਸਕ ਦੀ ਕੰਪਨੀ ਸਪੇਸਐਕਸ ਦੇ ਚਿਰਾਂ ਤੋਂ ਉਡੀਕੇ ਜਾ ਰਹੇ ਸਟਾਰਸ਼ਿਪ ਰਾਕਟ ਦੀ ਪ੍ਰੀਖਣ ਉਡਾਣ ਲਈ ਲਾਇਸੈਂਸ ਨੂੰ ਹਰੀ ਝੰਡੀ ਦੇ ਦਿੱਤੀ ਹੈ। ਇਸ ਨਾਲ ਕੰਪਨੀ ਨੂੰ ਪੁਲਾੜ ਸਬੰਧੀ ਆਪਣੇ ਟੀਚੇ ਪ੍ਰਾਪਤ ਕਰਨ ’ਚ ਮਦਦ ਮਿਲੇਗੀ। ਇਸ ਦੀ ਪਰਖ ਉਡਾਣ 17 ਅਪ੍ਰੈਲ ਨੂੰ ਸੰਭਾਵੀ ਹੈ। ਐੱਫਏਏ ਵੱਲੋਂ ਹਰੀ ਝੰਡੀ ਦੇਣ ਤੋਂ ਪਹਿਲਾਂ ਕੰਪਨੀ ਨੂੰ ਵਿਆਪਕ ਲਾਇਸੈਂਸ ਮੁੱਲਾਂਕਣ ਪ੍ਰਕਿਰਿਆ ’ਚੋਂ ਗੁਜ਼ਰਨਾ ਪਿਆ। ਇਸ ’ਚ ਪਤਾ ਲੱਗਾ ਕਿ ਸਪੇਸਐਕਸ ਹਰ ਤਰ੍ਹਾਂ ਦੀ ਸੁਰੱਖਿਆ, ਵਾਤਾਵਰਨ ਸਬੰਧੀ ਨੀਤੀਆਂ ਨਾਲ ਹੋਰ ਜ਼ਰੂਰੀ ਪ੍ਰਕਿਰਿਆ ਨੂੰ ਪੂਰਾ ਕਰਦਾ ਹੈ। ਇਹ ਲਾਇਸੈਂਸ ਪੰਜ ਸਾਲ ਲਈ ਜਾਇਜ਼ ਹੋਵੇਗਾ। ਸਪੇਸਐਕਸ ਦੇ ਸਟਾਰਸ਼ਿਪ ਰਾਕਟ ਦੀ ਪਰਖ ਉਡਾਣ ਦੀ ਟੈਕਸਾਸ ਤੋਂ 17 ਅਪ੍ਰੈਲ ਨੂੰ ਸੰਭਾਵਨਾ ਪ੍ਰਗਟਾਈ ਗਈ ਹੈ। ਰਾਕਟ ਨੂੰ ਸਵੇਰੇ 7.00 ਵਜੇ ਲਾਂਚ ਕੀਤੇ ਜਾਣ ਦੀ ਸੰਭਾਵਨਾ ਹੈ।
ਨਾਸਾ ਦੇ ਇੰਜੀਨਿਊਟੀ ਮਾਰਸ ਹੈਲੀਕਾਪਟਰ ਨੇ 50ਵੀਂ ਉਡਾਣ ਪੂਰੀ ਕੀਤੀ
ਅਮਰੀਕੀ ਪੁਲਾੜ ਏਜੰਸੀ ਨਾਸਾ ਨੇ ਮੰਗਲ ਅਭਿਆਨ ’ਤੇ ਗਏ ਇੰਜੀਨਿਊਟੀ ਮਾਰਸ ਹੈਲੀਕਾਪਟਰ ਨੇ ਆਪਣੀ ਉਪਯੋਗਿਤਾ ਸਾਬਿਤ ਕਰਦੇ ਹੋਏ 50ਵੀਂ ਉਡਾਣ ਪੂਰੀ ਕਰ ਲਈ ਹੈ। ਇਸ ਨੂੰ ਪੰਜ ਟੈਸਟ ਉਡਾਣਾਂ ਲਈ ਭੇਜਿਆ ਗਿਆ ਸੀ। ਇਹ ਉਡਾਣ 13 ਅਪ੍ਰੈਲ ਨੂੰ ਪੂਰੀ ਕੀਤੀ ਗਈ ਸੀ। ਇੰਜੀਨਿਊਟੀ ਮੰਗਲ ’ਤੇ ਫਰਵਰੀ 2021 ’ਚ ਪੁੱਜਾ ਸੀ ਤੇ ਨਾਸਾ ਦੇ ਮਾਰਸ ਪ੍ਰਿਜ਼ਰਵੈਂਸ ਰੋਵਰ ਨਾਲ ਸਬੰਧਤ ਹੋ ਗਿਆ ਸੀ। ਇਹ ਜਲਦੀ ਹੀ ਆਪਣੀ ਪਹਿਲੀ ਉਡਾਣ ਦੀ ਦੂਜੀ ਵਰ੍ਹੇਗੰਢ ਮਨਾਉਣ ਜਾ ਰਹੀ ਹੈ। ਮੰਗਲ ’ਤੇ ਇਸ ਨੇ ਆਪਣੀ ਪਹਿਲੀ ਉਡਾਣ 19 ਅਪ੍ਰੈਲ 2021 ਨੂੰ ਭਰੀ ਸੀ।