PreetNama
ਖਬਰਾਂ/Newsਖਾਸ-ਖਬਰਾਂ/Important News

ਖੇਡ ਮੰਤਰੀ ਮੀਤ ਹੇਅਰ ਨੇ ਦੇਸ਼ ਦੇ ਮਹਾਨ ਮੁੱਕੇਬਾਜ਼ ਕੌਰ ਸਿੰਘ ਦੇ ਦੇਹਾਂਤ ‘ਤੇ ਦੁੱਖ ਪ੍ਰਗਟਾਇਆ

ਪੰਜਾਬ ਦੇ ਖੇਡ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਵੀਰਵਾਰ ਨੂੰ ਦੇਸ਼ ਦੇ ਮਹਾਨ ਮੁੱਕੇਬਾਜ਼ ਕੌਰ ਸਿੰਘ ਦੇ ਦੇਹਾਂਤ ‘ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਓਲੰਪੀਅਨ ਕੌਰ ਸਿੰਘ ਜੋ 74 ਵਰ੍ਹਿਆਂ ਦੇ ਸਨ, ਦਾ ਅੱਜ ਸਵੇਰੇ ਕੁਰੂਕਸ਼ੇਤਰ ਦੇ ਇੱਕ ਪ੍ਰਾਈਵੇਟ ਹਸਪਤਾਲ ਵਿੱਚ ਦੇਹਾਂਤ ਹੋ ਗਿਆ।

ਖੇਡ ਮੰਤਰੀ ਮੀਤ ਹੇਅਰ ਨੇ ਕੌਰ ਸਿੰਘ ਦੇ ਤੁਰ ਜਾਣ ਨੂੰ ਭਾਰਤੀ ਖੇਡ ਖੇਤਰ ਖ਼ਾਸ ਕਰ ਕੇ ਮੁੱਕੇਬਾਜ਼ੀ ਖੇਡ ਲਈ ਵੱਡਾ ਘਾਟਾ ਦੱਸਦਿਆਂ ਕਿਹਾ ਕਿ ਪਦਮ ਸ੍ਰੀ ਤੇ ਅਰਜੁਨਾ ਐਵਾਰਡ ਜੇਤੂ ਕੌਰ ਸਿੰਘ ਨੇ ਪੰਜਾਬ ਤੇ ਦੇਸ਼ ਦਾ ਨਾਮ ਕੌਮਾਂਤਰੀ ਮੰਚ ਉੱਤੇ ਰੌਸ਼ਨ ਕੀਤਾ ਹੈ। ਕੌਰ ਸਿੰਘ ਨੇ 1982 ਦੀਆਂ ਏਸ਼ੀਅਨ ਗੇਮਜ਼ ਵਿੱਚ ਗੋਲਡ ਮੈਡਲ ਜਿੱਤਣ ਤੋਂ ਇਲਾਵਾ ਏਸ਼ੀਅਨ ਚੈਂਪੀਅਨਸ਼ਿਪ ਅਤੇ ਕਿੰਗਜ਼ ਕੱਪ ਵਿੱਚ ਵੀ ਗੋਲਡ ਮੈਡਲ ਜਿੱਤਿਆ।1984 ਦੀਆਂ ਲਾਸ ਏਂਜਲਸ ਓਲੰਪਿਕ ਖੇਡਾਂ ਵਿੱਚ ਹਿੱਸਾ ਲਿਆ।ਮੁਹੰਮਦ ਅਲੀ ਨਾਲ ਇਤਿਹਾਸਕ ਮੈਚ ਖੇਡਿਆ। ਭਾਰਤੀ ਸੈਨਾ ਤੇ ਪੰਜਾਬ ਪੁਲਿਸ ਵਿੱਚ ਲੰਬਾ ਸਮਾਂ ਸੇਵਾ ਕੀਤੀ। ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਸੂਬਾ ਸਰਕਾਰ ਨੇ ਇਸ ਵਿੱਦਿਅਕ ਸੈਸ਼ਨ ਤੋਂ ਇਸ ਮਾਣਮੱਤੇ ਮੁੱਕੇਬਾਜ਼ ਦੀ ਜੀਵਨੀ ਸਕੂਲੀ ਸਿਲੇਬਸ ਦਾ ਹਿੱਸਾ ਬਣਾਈ ਹੈ।

ਮੀਤ ਹੇਅਰ ਨੇ ਕਿਹਾ ਕਿ ਕੌਰ ਸਿੰਘ ਦਾ ਸੰਘਰਸ਼ਮਈ ਜੀਵਨ ਅਤੇ ਖੇਡ ਪ੍ਰਾਪਤੀਆਂ ਆਉਣ ਵਾਲੀਆਂ ਪੀੜ੍ਹੀਆਂ ਲਈ ਪ੍ਰੇਰਨਾਦਾਇਕ ਰਹਿਣਗੀਆਂ। ਸੰਗਰੂਰ ਦੇ ਪਿੰਡ ਖਨਾਲ ਖੁਰਦ ਤੋਂ ਉੱਠ ਕੇ ਕੌਰ ਸਿੰਘ ਨੇ ਆਪਣੀ ਸਖ਼ਤ ਮਿਹਨਤ ਅਤੇ ਲਗਨ ਨਾਲ ਵਿਸ਼ਵ ਪੱਧਰ ਉੱਤੇ ਨਾਮਣਾ ਖੱਟਿਆ। ਖੇਡ ਮੰਤਰੀ ਨੇ ਮਹਾਨ ਮੁੱਕੇਬਾਜ਼ ਨੂੰ ਸਿਜਦਾ ਕਰਦਿਆਂ ਵਾਹਿਗੁਰੂ ਅੱਗੇ ਅਰਦਾਸ ਕੀਤੀ ਕਿ ਵਿਛੜੀ ਹੋਈ ਰੂਹ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖ਼ਸ਼ੇ ਅਤੇ ਪਿੱਛੇ ਪਰਿਵਾਰ ਤੇ ਖੇਡ ਪ੍ਰੇਮੀਆਂ ਨੂੰ ਭਾਣਾ ਮੰਨਣ ਦਾ ਬਲ ਬਖ਼ਸ਼ੇ।

Related posts

ਅਮਰੀਕਾ ਦੇ ਮਿੰਨੀ ਪੰਜਾਬ ਯੂਬਾ ਸਿਟੀ ‘ਚ ਧੂਮ-ਧਾਮ ਨਾਲ ਮਨਾਇਆ ਗਿਆ ਤੀਆਂ ਦਾ ਮੇਲਾ

On Punjab

ਪੰਜਾਬ ‘ਚ ਪਾਕਿਸਤਾਨ ਤੋਂ ਡਰੋਨ ਰਾਹੀਂ ਹਥਿਆਰਾਂ ਦੀ ਸਮਗਿਲੰਗ ਕਰਨ ਵਾਲਿਆਂ ਖਿਲਾਫ ਚਾਰਜਸ਼ੀਟ ਦਾਖਲ

On Punjab

ਬੰਦਾ ਦਿਨ ‘ਚ ਜਿੰਨੀ ਵਾਰ ਹੱਥ ਧੋਂਦਾ, ਉਸ ਤੋਂ ਜ਼ਿਆਦਾ ਵਾਰ ਝੂਠ ਬੋਲਦੇ ਟਰੰਪ! ਹੁਣ ਤੱਕ 10,796 ਝੂਠ ਬੋਲੇ

On Punjab