ਅਮਰੀਕਾ ਦੀ ਜਾਸੂਸੀ ਲਈ ਚੀਨ ਵੱਲੋਂ ਸਪਾਈ ਬੈਲੂਨ ਭੇਜੇ ਜਾਣ ਦੀ ਗੱਲ ਸਾਹਮਣੇ ਆਉਣ ਤੋਂ ਬਾਅਦ ਕੈਨੇਡਾ ’ਚ ਵੀ ਇਹ ਗੁਬਾਰਾ ਦੇਖਿਆ ਗਿਆ। ਕੈਨੇਡਾ ਦੇ ਰੱਖਿਆ ਮੰਤਰਾਲੇ ਨੇ ਕਿਹਾ ਕਿ ਉਸ ਨੇ ਇਕ ਜਾਸੂਸੀ ਗੁਬਾਰਾ ਆਪਣੀ ਸਰਹੱਦ ’ਚ ਅਸਮਾਨ ’ਚ ਕਾਫ਼ੀ ਉਚਾਈ ’ਤੇ ਦੇਖਿਆ ਗਿਆ। ਅਮਰੀਕੀ ਅਧਿਕਾਰੀਆਂ ਤੋਂ ਬਾਅਦ ਇਹ ਦੂਜੀ ਜਾਸੂਸੀ ਗੁਬਾਰੇ ਦੀ ਘਟਨਾ ਕੈਨੇਡਾ ਦੀ ਹੈ। ਜ਼ਿਕਰਯੋਗ ਹੈ ਕਿ ਅਮਰੀਕਾ ਨੇ ਦੋਸ਼ ਲਗਾਇਆ ਹੈ ਕਿ ਚੀਨ ਉਸ ਦੀ ਜਾਸੂਸੀ ਕਰਨ ਲਈ ਇਸ ਜਾਸੂਸੀ ਗੁਬਾਰੇ ਵਿਚ ਯੰਤਰ ਲਗਾ ਕੇ ਭੇਜ ਰਿਹਾ ਹੈ।
ਅਮਰੀਕਾ ਦੇ ਹਵਾਈ ਖੇਤਰ ’ਚ ਜਾਸੂਸੀ ਗੁਬਾਰੇ ਦੇ ਉੱਡਣ ਬਾਰੇ ਜਿਵੇਂ ਹੀ ਅਮਰੀਕੀ ਅਧਿਕਾਰੀਆਂ ਨੂੰ ਪਤਾ ਲੱਗਿਆ ਤਾਂ ਹਲਚਲ ਮਚ ਗਈ। ਨੋਰਾਡ (ਉੱਤਰੀ ਅਮੈਰੀਕਨ ਏਰੋਸਪੇਸ ਡਿਫੈਂਸ ਕਮਾਂਡ) ਵੱਲੋਂ ਇਸ ਨੂੰ ਟਰੈਕ ਕਰਨ ਤੋਂ ਬਾਅਦ ਇਸ ਨੂੰ ਮਾਰਨ ਦਾ ਫੈਸਲਾ ਕੀਤਾ ਗਿਆ ਸੀ ਪਰ ਇਸ ਦੇ ਮਲਬੇ ਹੇਠ ਆਉਣ ਕਾਰਨ ਆਮ ਲੋਕਾਂ ਲਈ ਖਤਰਾ ਪੈਦਾ ਹੋਣ ਦਾ ਖਦਸਾ ਬਣਿਆ ਹੋਇਆ ਸੀ।
ਕੈਨੇਡਾ ਤੇ ਅਮਰੀਕਾ ਦੋਵੇਂ ਕਰ ਰਹੇ ਹਨ ਜਾਂਚ
ਕੈਨੇਡੀਅਨ ਸਰਕਾਰੀ ਅਧਿਕਾਰੀਆਂ ਨੇ ਕਿਹਾ ਕਿ ਇਹ ਦੂਜੀ ਵਾਰ ਹੈ ਜਦੋਂ ਕੋਈ ਜਾਸੂਸੀ ਗੁਬਾਰਾ ਉਨ੍ਹਾਂ ਦੇ ਏਰੋਸਪੇਸ ਵਿਚ ਦਿਖਾਈ ਦਿੱਤਾ ਹੈ। ਅਧਿਕਾਰੀਆਂ ਨੇ ਕਿਹਾ ਕਿ ਸਾਰੇ ਕੈਨੇਡੀਅਨ ਸੁਰੱਖਿਅਤ ਹਨ ਅਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਕੈਨੇਡੀਅਨ ਅਧਿਕਾਰੀਆਂ ਨੇ ਕਿਹਾ ਕਿ ਉਹ ਅਮਰੀਕਾ ਨਾਲ ਮਿਲ ਕੇ ਇਸ ਘਟਨਾ ਦੀ ਜਾਂਚ ਕਰ ਰਹੇ ਹਨ।