ਰਾਜਧਾਨੀ ਦਿੱਲੀ ਵਿੱਚ ਸਰਦੀਆਂ ਦੀ ਦਸਤਕ ਤੋਂ ਪਹਿਲਾਂ ਹੀ ਪਰਾਲੀ ਦਾ ਧੂੰਆਂ ਪਹੁੰਚਣਾ ਸ਼ੁਰੂ ਹੋ ਗਿਆ ਹੈ। ਇਸ ਗੱਲ ਦਾ ਸ਼ੁਕਰ ਹੈ ਕਿ ਹਵਾ ਦੀ ਰਫ਼ਤਾਰ ਠੀਕ ਹੋਣ ਕਰਕੇ ਅਜੇ ਜ਼ਿਆਦਾ ਸਮੱਸਿਆ ਨਹੀਂ ਪਰ ਅਕਤੂਬਰ ਦੇ ਦੂਜੇ ਹਫਤੇ ਸਥਿਤੀ ਵਿਗੜਨ ਦੀ ਉਮੀਦ ਹੈ। ਦਿੱਲੀ ਦੇ ਅਧਿਕਾਰੀਆਂ ਦਾ ਦਾਅਵਾ ਹੈ ਕਿ ਹਰਿਆਣਾ ਤੇ ਪੰਜਾਬ ਵਿੱਚ ਪਰਾਲੀ ਸਾੜਨ ਦੇ ਮਾਮਲੇ ਤੇਜ਼ੀ ਨਾਲ ਵਧ ਰਹੇ ਹਨ। ਇਸ ਲਈ ਹਰਿਆਣਾ ਦੇ ਮੁੱਖ ਸਕੱਤਰ ਨੇ ਬੁੱਧਵਾਰ ਨੂੰ ਸਾਰੇ ਡਿਪਟੀ ਕਮਿਸ਼ਨਰਾਂ ਦੀ ਮੀਟਿੰਗ ਸੱਦੀ ਹੈ।
ਇਸ ਦੇ ਨਾਲ ਹੀ ਵਾਤਾਵਰਣ ਸੁਰੱਖਿਆ ਤੇ ਪ੍ਰਦੂਸ਼ਣ ਰੋਕਥਾਮ ਅਥਾਰਟੀ (ਈਪੀਸੀਏ) ਨੇ ਵੀ ਗ੍ਰੇਡਡ ਰਿਸਪਾਂਸ ਐਕਸ਼ਨ ਪਲਾਨ (ਜੀਆਰਪੀ) ਨੂੰ ਲਾਗੂ ਕਰਨ ਦੀ ਤਿਆਰੀ ਲਈ ਵੀਰਵਾਰ ਨੂੰ ਦਿੱਲੀ, ਹਰਿਆਣਾ, ਉੱਤਰ ਪ੍ਰਦੇਸ਼ ਤੇ ਰਾਜਸਥਾਨ ਦੇ ਸਬੰਧਤ ਅਧਿਕਾਰੀਆਂ ਦੀ ਮੀਟਿੰਗ ਸੱਦੀ ਹੈ। ਪੰਜਾਬ ਦੀ ਮੁੱਖ ਸਕੱਤਰ ਵਿਨੀ ਮਹਾਜਨ ਨੇ ਈਪੀਸੀਏ ਦੇ ਪ੍ਰਧਾਨ ਭੂਰੇਲਾਲ ਨੂੰ ਪੱਤਰ ਲਿਖਿਆ ਕਿ ਕਿਸਾਨਾਂ ਨੂੰ ਪਰਾਲੀ ਦੇ ਨਿਬੇੜੇ ਲਈ ਘੱਟ ਰੇਟਾਂ ’ਤੇ ਮਸ਼ੀਨਰੀ ਮੁਹੱਈਆ ਕਰਵਾਈ ਜਾ ਰਹੀ ਹੈ।
ਏਅਰ ਕੁਆਲਿਟੀ, ਮੌਸਮ ਪੂਰਵ ਅਨੁਮਾਨ ਰਿਸਰਚ ਸਿਸਟਮ (ਸਫਰ ਇੰਡੀਆ) ਮੁਤਾਬਕ, ਸਾਲ 2019 ਦੇ ਮੁਕਾਬਲੇ 1 ਸਤੰਬਰ ਤੋਂ 1 ਅਕਤੂਬਰ ਤੱਕ ਹਰਿਆਣਾ-ਪੰਜਾਬ ਵਿੱਚ ਪਰਾਲੀ ਸਾੜਨ ਦੇ ਕੇਸਾਂ ਵਿੱਚ ਵਾਧਾ ਹੋਇਆ ਹੈ। ਇਹ ਵਾਧਾ ਹਰਿਆਣਾ ਵਿੱਚ ਤਿੰਨ ਤੇ ਪੰਜਾਬ ਵਿੱਚ ਨੌਂ ਫੀਸਦ ਹੈ। ਇਸ ਮਹੀਨੇ ਦੇ ਦੂਜੇ ਹਫਤੇ ਤੋਂ ਹਵਾ ਦੇ ਸੁਸਤ ਪੈਣ ਕਾਰਨ ਏਅਰ ਇੰਡੈਕਸ ਵਿੱਚ ਵੀ ਵਾਧਾ ਹੋਵੇਗਾ।
ਭੂਰੇਲਾਲ (ਪ੍ਰਧਾਨ, ਈਪੀਸੀਏ) ਦਾ ਕਹਿਣਾ ਹੈ ਕਿ ਪਰਾਲੀ ਦਾ ਧੂੰਆਂ ਦਿੱਲੀ-ਐਨਸੀਆਰ ਵੱਲ ਵਧਣਾ ਸ਼ੁਰੂ ਹੋ ਗਿਆ ਹੈ। ਅਸੀਂ ਗ੍ਰੈਪ ਨੂੰ ਲਾਗੂ ਕਰਨ ਲਈ ਵੀਰਵਾਰ ਨੂੰ ਮੀਟਿੰਗ ਸੱਦੀ ਹੈ। ਲੋੜ ਮੁਤਾਬਕ ਹੋਰ ਸਖ਼ਤ ਫੈਸਲੇ ਲਏ ਜਾ ਸਕਦੇ ਹਨ।