ਅਮਰੀਕਾ ਦੇ ਅਲਾਸਕਾ ਦੇ ਤੱਟ ‘ਤੇ ਐਤਵਾਰ ਨੂੰ ਭਿਆਨਕ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਇਸ ਭੂਚਾਲ ਦੀ ਤੀਬਰਤਾ ਰੇਕਟਰ ਸਕੇਲ ‘ਤੇ 7.3 ਦੱਸੀ ਗਈ ਹੈ। ਭੂਚਾਲ ਝਟਕੇ ਇੰਨੇ ਜ਼ਬਰਦਸਤ ਸੀ ਕਿ ਇਨ੍ਹਾਂ ਤੋਂ ਬਾਅਦ ਸੁਨਾਮੀ ਦੀ ਚੇਤਾਵਨੀ ਜਾਰੀ ਕਰ ਦਿੱਤੀ ਗਈ ਹੈ। ਭੂਚਾਲ ਕਾਰਨ ਭਿਆਨਕ ਤਬਾਹੀ ਹੋਣ ਦੀ ਸੰਭਾਵਨਾ ਬਣ ਗਈ ਹੈ। ਹਾਲਾਂਕਿ ਭੂਚਾਲ ਕਾਰਨ ਹੋਏ ਨੁਕਸਾਨ ਦੀ ਸਹੀ ਜਾਣਕਾਰੀ ਅਜੇ ਸਾਹਮਣੇ ਨਹੀਂ ਆਈ ਹੈ।
ਸੰਯੁਕਤ ਰਾਜ ਭੂ-ਵਿਗਿਆਨ ਸਰਵੇਖਣ (ਯੂਐਸਜੀਐਸ) ਦੇ ਅਨੁਸਾਰ, ਐਤਵਾਰ ਦੁਪਹਿਰ ਨੂੰ ਅਲਾਸਕਾ ਵਿੱਚ 7.4 ਤੀਬਰਤਾ ਦਾ ਭੂਚਾਲ ਆਇਆ। ਭੂਚਾਲ ਤੋਂ ਬਾਅਦ ਤੱਟਵਰਤੀ ਇਲਾਕਿਆਂ ‘ਚ ਸੁਨਾਮੀ ਦੀ ਚੇਤਾਵਨੀ ਜਾਰੀ ਕੀਤੀ ਗਈ ਹੈ, ਜਿਸ ਤੋਂ ਬਾਅਦ ਦਹਿਸ਼ਤ ਦਾ ਮਾਹੌਲ ਹੈ। USGS ਨੇ ਕਿਹਾ ਕਿ ਭੂਚਾਲ 9.3 ਕਿਲੋਮੀਟਰ (5.78 ਮੀਲ) ਦੀ ਡੂੰਘਾਈ ‘ਤੇ ਸੀ। ਅਲਾਸਕਾ ਭੂਚਾਲ ਕੇਂਦਰ ਨੇ ਕਿਹਾ ਕਿ ਅਲਾਸਕਾ ਪ੍ਰਾਇਦੀਪ, ਅਲੇਉਟੀਅਨ ਟਾਪੂ ਅਤੇ ਕੁੱਕ ਇਨਲੇਟ ਖੇਤਰਾਂ ਵਿੱਚ ਭੂਚਾਲ ਦੇ ਤੇਜ਼ ਝਟਕੇ ਮਹਿਸੂਸ ਕੀਤੇ ਗਏ।
ਦੋ ਹਫ਼ਤੇ ਪਹਿਲਾਂ ਵੀ ਆਇਆ ਸੀ ਹਲਕਾ ਭੂਚਾਲ
ਦੋ ਹਫ਼ਤੇ ਪਹਿਲਾਂ ਅਲਾਸਕਾ ਦੇ ਐਂਕਰੇਜ ਵਿੱਚ ਇੱਕ ਛੋਟਾ ਜਿਹਾ ਭੂਚਾਲ ਆਇਆ ਸੀ। ਯੂਐਸਜੀਐਸ ਦੇ ਅਨੁਸਾਰ, ਭੂਚਾਲ ਦਾ ਕੇਂਦਰ ਸ਼ਹਿਰ ਤੋਂ ਲਗਭਗ 12 ਮੀਲ ਦੱਖਣ ਵਿੱਚ ਸੀ। USGS ਦੁਆਰਾ ਪ੍ਰਦਾਨ ਕੀਤੇ ਗਏ ਅੰਕੜਿਆਂ ਤੋਂ ਪਤਾ ਚੱਲਦਾ ਹੈ ਕਿ ਭੂਚਾਲ 17.5 ਮੀਲ ਦੀ ਡੂੰਘਾਈ ‘ਤੇ ਆਇਆ ਸੀ। ਦੱਸ ਦੇਈਏ ਕਿ ਅਲਾਸਕਾ ਪੈਸੀਫਿਕ ਰਿੰਗ ਆਫ ਫਾਇਰ ਵਿੱਚ ਆਉਂਦਾ ਹੈ, ਜਿਸ ਨੂੰ ਭੂਚਾਲ ਦੀਆਂ ਗਤੀਵਿਧੀਆਂ ਵਿੱਚ ਬਹੁਤ ਸਰਗਰਮ ਮੰਨਿਆ ਜਾਂਦਾ ਹੈ। ਅਜਿਹੇ ‘ਚ ਇੱਥੇ ਭੂਚਾਲ ਦਾ ਖ਼ਤਰਾ ਬਣਿਆ ਰਹਿੰਦਾ ਹੈ।