ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਪੰਜਾਬ ਦੇ ਮੁੱਖ ਮੰਤਰੀ ਨੂੰ ਚਿਤਾਵਨੀ ਦਿੱਤੀ ਕਿ ਉਹ ਆਪਣੇ ਖੋਖਲੇ ਦਾਅਵਿਆਂ ਰਾਹੀਂ ਪੰਜਾਬੀਆਂ ਨੂੰ ਮੂਰਖ ਬਣਾਉਣ ਦੀ ਮੁਹਿੰਮ ਤੋਂ ਬਾਜ਼ ਆਉਣ। ਉਨ੍ਹਾਂ ਨੇ ਮੁੱਖ ਮੰਤਰੀ ਨੂੰ ਆਖਿਆ ਕਿ ਉਹ ਕਾਨੂੰਨ ਵਿਵਸਥਾ ਕੰਟਰੋਲ ਹੇਠ ਕਰਨ ਤੇ ਇੰਡਸਟਰੀ ਨੂੰ ਦੇਣ ਲਈ ਢੁੱਕਵੀਂ ਬਿਜਲੀ, ਸਹੂਲਤਾਂ ਮੁਹੱਈਆ ਹੋਣ ’ਤੇ ਹੀ ‘ਨਿਵੇਸ਼ ਪੰਜਾਬ ਸੰਮੇਲਨ’ ਕਰਵਾਉਣ।
ਮੁਹਾਲੀ ਵਿਚ ਸ਼ੁਰੂ ਹੋ ਰਹੇ ਦੋ ਰੋਜ਼ਾ ‘ਇਨਵੈਸਟ ਪੰਜਾਬ’ ਸੰਮੇਲਨ ’ਤੇ ਨਿਸ਼ਾਨਾ ਸੇਧਦਿਆਂ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਮੁੱਖ ਮੰਤਰੀ ਨੂੰ ਆਖਿਆ ਕਿ ਉਹ ਝੂਠੇ ਇਸ਼ਤਿਹਾਰਾਂ ’ਤੇ ਜਨਤਾ ਦਾ ਪੈਸਾ ਬਰਬਾਦ ਕਰਨ ਦਾ ਗੁਨਾਹ ਬੰਦ ਕਰਨ। ਉਨ੍ਹਾਂ ਕਿਹਾ ਕਿ ਅਕਾਲੀ ਦਲ ਦੀ ਸਰਕਾਰ ਨੇ ਸੂਬੇ ਨੂੰ ਬਿਜਲੀ ਸਰਪਲੱਸ ਬਣਾਇਆ ਪਰ ਸੂਬੇ ਵਿਚ ਹੁਣ ਬਿਜਲੀ ਦੀ ਘਾਟ ਦਾ ਗੰਭੀਰ ਸੰਕਟ ਚੱਲ ਰਿਹਾ ਹੈ।
ਉਨ੍ਹਾਂ ਕਿਹਾ ਕਿ ਸੂਬੇ ਵਿੱਚ ਪਿਛਲੇ ਛੇ ਸਾਲਾਂ ਵਿਚ ਇਕ ਵੀ ਨਵਾਂ ਬਿਜਲੀ ਪ੍ਰਾਜੈਕਟ ਨਹੀਂ ਲੱਗਾ। ਉਨ੍ਹਾਂ ਕਿਹਾ ਕਿ ਇਨਵੈਸਟ ਪੰਜਾਬ ਵੀ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਨੇ ਸ਼ੁਰੂ ਕੀਤਾ ਸੀ। ਉਨ੍ਹਾਂ ਕਿਹਾ ਕਿ ਇਨਵੈਸਟ ਪੰਜਾਬ ਸੰਮੇਲਨ ਸ਼ੁਰੂ ਕਰ ਕੇ ਅਸੀਂ ਹਜ਼ਾਰਾਂ ਕਰੋੜਾਂ ਰੁਪਏ ਦਾ ਨਿਵੇਸ਼ ਲਿਆਂਦਾ। ਚਾਰ ਤੇ ਛੇ ਮਾਰਗੀ ਸੜਕਾਂ ਬਣਾਈਆਂ, ਹਵਾਈ ਅੱਡੇ ਬਣਾਏ ਤੇ ਵਿਕਾਸ ਵਾਸਤੇ ਢੁੱਕਵਾਂ ਮਾਹੌਲ ਦਿੱਤਾ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਸੈਂਕੜੇ ਕਰੋੜਾਂ ਰੁਪਏ ਦੇ ਇਸ਼ਤਿਹਾਰ ਮੀਡੀਆ ਅਤੇ ਕੌਮਾਂਤਰੀ ਹਵਾਈ ਅੱਡਿਆਂ ਵਾਸਤੇ ਜਾਰੀ ਕਰਨ ਦੀ ਨਿਖੇਧੀ ਕੀਤੀ।