ਸ਼ੋਧਕਰਤਾਵਾਂ ਨੂੰ ਲੰਬੇ ਸਮੇਂ ਦੇ ਅਸਰ ਵਾਲੀ ਵੈਕਸੀਨ ਤਿਆਰ ਕਰਨ ਦੀ ਦਿਸ਼ਾ ’ਚ ਵੱਡੀ ਸਫਲਤਾ ਮਿਲੀ ਹੈ। ਆਰਟੀਫੀਸ਼ੀਅਲ ਇੰਟੈਲੀਜੈਂਸ (ਏਆਈ) ਦੀ ਮਦਦ ਨਾਲ ਤਿਆਰ ਟੀ-ਸੈੱਲਜ਼ ਅਧਾਰਿਤ ਵੈਕਸੀਨ ਲੰਬੇ ਸਮੇਂ ਤਕ ਕਾਰਗਰ ਰਹਿ ਸਕਦੀ ਹੈ। ਚੂਹਿਆਂ ’ਤੇ ਕੀਤੇ ਗਏ ਅਧਿਐਨ ’ਚ ਇਸ ਟੀਕੇ ਦਾ ਲੰਬੇ ਸਮੇਂ ਤਕ ਅਸਰ ਦੇਖਣ ਨੂੰ ਮਿਲਿਆ ਹੈ।
ਅਮਰੀਕਾ ਦੀ ਪੈਂਸਿਲਵੇਨੀਆ ਸਟੇਟ ਯੂਨੀਵਰਸਿਟੀ ਦੇ ਸ਼ੋਧਕਰਤਾਵਾਂ ਮੁਤਾਬਕ, ਇਸ ਤਰ੍ਹਾਂ ਦੀ ਵੈਕਸੀਨ ਭਵਿੱਖ ਦੇ ਵੇਰੀਐਂਟਸ ਖ਼ਿਲਾਫ਼ ਲੰਬੇ ਸਮੇਂ ਦੀ ਇਮਿਊਨਿਟੀ ਮੁਹੱਈਆ ਕਰਵਾ ਸਕਦੀ ਹੈ। ਫਲੂ ਜਿਹੀਆਂ ਦੂਜੀਆਂ ਮੌਸਮੀ ਬਿਮਾਰੀਆਂ ਖ਼ਿਲਾਫ਼ ਵੀ ਉਪਯੋਗੀ ਹੋ ਸਕਦੀ ਹੈ। ਉਨ੍ਹਾਂ ਕਿਹਾ ਕਿ ਮੌਜੂਦਾ ਕੋਵਿਡ-19 ਵੈਕਸੀਨ ਸਾਰਸ-ਕੋਵ-2 ਦੇ ਸਪਾਈਕ ਪ੍ਰੋਟੀਨ ਨੂੰ ਨਿਸ਼ਾਨਾ ਬਣਾਉਣ ਲਈ ਐਂਟੀਬਾਡੀ ਨੂੰ ਪ੍ਰੇਰਿਤ ਕਰਦੀਆਂ ਹਨ। ਵਾਇਰਸ ’ਚ ਮਿਊੁਟੇਸ਼ਨ ਤੇ ਸਮੇਂ ਦੇ ਨਾਲ ਵੈਕਸੀਨ ਘੱਟ ਅਸਰਦਾਰ ਰਹਿ ਜਾਂਦੀ ਹੈ। ਅਧਿਐਨ ਦੇ ਨਤੀਜਿਆਂ ਨੂੰ ਜਰਨਲ ਫਰੰਟੀਅਰਜ਼ ਇਨ੍ਹਾਂ ਇਮਿਊਨੋਲਾਜੀ ’ਚ ਪ੍ਰਕਾਸ਼ਿਤ ਕੀਤਾ ਗਿਆ ਹੈ। ਸ਼ੋਧਕਰਤਾਵਾਂ ਨੇ ਪ੍ਰੀਖਣ ’ਚ ਦੇਖਿਆ ਕਿ ਜਿਨ੍ਹਾਂ ਚੂਹਿਆਂ ਨੂੰ ਟੀ-ਸੈੱਲਜ਼ ਅਧਾਰਿਤ ਟੀਕੇ ਲਗਾਏ ਗਏ ਸਨ, ਉਨ੍ਹਾਂ ’ਚੋਂ 87.5 ਫ਼ੀਸਦੀ ਬਚ ਗਏ ਤੇ 14 ਦਿਨ ’ਚ ਇਨਫੈਕਸ਼ਨ ਮੁਕਤ ਹੋ ਗਏ। ਜਦਕਿ ਜਿਨ੍ਹਾਂ ਨੂੰ ਇਹ ਟੀਕਾ ਨਹੀਂ ਲੱਗਾ ਸੀ, ਉਨ੍ਹਾਂ ’ਚੋਂ ਇਕ ਹੀ ਬਚ ਸਕਿਆ। ਅਧਿਐਨ ਨਾਲ ਜੁੜੇ ਪਸ਼ੂ ਵਿਗਿਆਨ ਤੇ ਬਾਇਓਮੈਡੀਕਲ ਸਾਇੰਜਿਸ ਦੇ ਐਸੋਸੀਏਟ ਪ੍ਰੋਫੈਸਰ ਗਿਰੀਸ਼ ਕਿਰੀਮੰਜੇਸ਼ਵਰੀ ਨੇ ਕਿਹਾ, ਸਾਡੀ ਜਾਣਕਾਰੀ ਮੁਤਾਬਕ, ਅਧਿਐਨ ’ਚ ਪਹਿਲੀ ਵਾਰ ਏਆਈ ਵੱਲੋਂ ਡਿਜ਼ਾਈਨ ਟੀ-ਸੈੱਲਸ ਵੈਕਸੀਨ ਦੇ ਕੋਵਿਡ-19 ’ਤੇ ਪ੍ਰਭਾਵ ਨੂੰ ਦਿਖਾਇਆ ਗਿਆ ਹੈ। ਚੂਹਿਆਂ ’ਚ ਕੋਵਿਡ-19 ਦੇ ਗੰਭੀਰ ਮਾਮਲਿਆਂ ’ਚ ਸਾਡਾ ਟੀਕਾ ਬੇਹੱਦ ਅਸਰਦਾਰ ਰਿਹਾ। ਇਸ ਨੂੰ ਇਨਸਾਨਾਂ ’ਤੇ ਪ੍ਰੀਖਣ ਲਈ ਆਸਾਨੀ ਨਾਲ ਤਿਆਰ ਕੀਤਾ ਜਾ ਸਕਦਾ ਹੈ।