ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਪੁਲ ਤੇ ਲਗਾਏ ਗਏ ਸ਼ਮਿਆਨੇ ਦੇ ਪਿੱਲਰਾਂ ‘ਤੇ 31 ਮਣਕਿਆਂ ਦੇ ਸਿਮਰਨੇ ਉਕੇਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਨੂੰ ਮਰਿਆਦਾ ਦੀ ਉਲੰਘਣਾ ਮੰਨਿਆ ਜਾ ਰਿਹਾ ਹੈ।
ਪਿਛਲੇ ਮਹੀਨੇ ਪੁੱਲ ਦੇ ਉੱਤੇ ਲਗਾਏ ਨਵੇਂ ਸ਼ਮਿਆਨੇ ਨੂੰ ਖੜਾ ਕਰਨ ਲਈ 28 ਪਿਲਰਾਂ ਦੀ ਵਰਤੋਂ ਕੀਤੀ ਗਈ ਹੈ। ਇਹ ਸੁਨਿਆਰੀ ਰੰਗ ਦੇ ਪਿੱਲਰ ਪਿਲਰਾਂ ਦੇ ਉੱਤੇ 108 ਜਾਂ 28 ਮਣਕਿਆਂ ਨੂੰ ਵਿਸਾਰ ਕੇ 31 ਮਣਕਿਆਂ ਵਾਲੇ ਸਿਮਰਨਿਆਂ ਨੂੰ ਉਕੇਰਿਆ ਗਿਆ ਹੈ।
ਹਰੇਕ ਪਿਲਰ ‘ਤੇ ਚਾਰ ਸਿਮਰਨੇ ਉਕੇਰੇ ਗਏ ਹਨ, ਕੁੱਲ 112 ਸਿਮਰਨੇ ਇਹਨਾਂ 28 ਪਿਲਰਾਂ ਤੇ ਉਕੇਰੇ ਗਏ ਹਨ। ਪੰਥਕ ਮਾਹਰਾਂ ਅਨੁਸਾਰ ਸੇਵਾ ਕਰਾਉਣ ਵਾਲੇ ਕਾਰ ਸੇਵਾ ਵਾਲੇ ਬਾਬੇ ਵੀ ਇਸ ਕੀਤੀ ਹੋਈ ਭੁੱਲ ਤੋਂ ਅਣਜਾਣ ਹਨ ਅਤੇ ਪ੍ਰਬੰਧਕਾਂ ਨੇ ਇਸ ਨੂੰ ਦੇਖਣ ਦਾ ਵੀ ਯਤਨ ਨਹੀਂ ਕੀਤਾ ਕੀ ਹੁਣ ਉਕੇਰੇ ਗਏ ਸਿਮਰਨਿਆਂ ਨੂੰ ਖੰਡਤ ਕਰ ਕੇ ਖ਼ਤਮ ਕੀਤਾ ਜਾਵੇਗਾ ਜਾਂ ਇਸ ਭੁੱਲ ਲਈ ਧਾਰਮਿਕ ਤੇ ਪ੍ਰਸ਼ਾਸਨਿਕ ਪ੍ਰਬੰਧਕਾਂ ਨੂੰ ਜ਼ਿੰਮੇਵਾਰ ਠਹਿਰਾਇਆ ਜਾਵੇਗਾ।
ਇਹ ਵੀ ਦੋਸ਼ ਲਾਇਆ ਜਾ ਰਿਹਾ ਹੈ ਕਿ ਸ਼ਾਮਿਆਨੇ ਨੂੰ ਲਗਾਉਣ ਸਮੇਂ ਕਿਸੇ ਵੀ ਪ੍ਰਬੰਧਕ ਜਾਂ ਧਾਰਮਿਕ ਸ਼ਖਸ਼ੀਅਤ ਵੱਲੋਂ ਇਸ ਦੀ ਪਰਖ ਨਹੀਂ ਕੀਤੀ ਗਈ ਅਤੇ ਅੱਜ ਤੱਕ ਪ੍ਰਬੰਧਕ ਅਤੇ ਧਾਰਮਿਕ ਸ਼ਖ਼ਸੀਅਤਾਂ ਇਸ ਤੋਂ ਅਣਜਾਣ ਹਨ।
ਇਸ ਸਬੰਧੀ ਜਦੋਂ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੇ ਨਿੱਜੀ ਸਹਾਇਕ ਸਤਬੀਰ ਸਿੰਘ ਧਾਮੀ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਸਿੱਖ ਧਰਮ ਵਿੱਚ ਮਾਲਾ ਦੇ ਮਣਕਿਆਂ ਦੀ ਗਿਣਤੀ ਦੀ ਕੋਈ ਅਹਿਮੀਅਤ ਨਹੀਂ ਹੈ। ਮਾਲਾ ਦੇ ਮਣਕੇ ਆਪਣੀ ਆਸਥਾ ਦੇ ਹਿਸਾਬ ਨਾਲ ਰੱਖੇ ਜਾ ਸਕਦੇ ਹਨ। ਪਿਲਰਾਂ ‘ਤੇ ਉਕੇਰੀਆਂ ਗਈਆਂ ਮਾਲਾਂ ਦੇ ਮਣਕਿਆਂ ਦੀ ਗਿਣਤੀ 31 ਹੋਣ ‘ਤੇ ਇਤਰਾਜ਼ ਨਹੀਂ ਹੋਣਾ ਚਾਹੀਦਾ।