ਰੂਸ ਅਤੇ ਯੂਕਰੇਨ ਦਰਮਿਆਨ ਜਾਰੀ ਜੰਗ ਛੇਤੀ ਖ਼ਤਮ ਹੁੰਦੀ ਨਹੀਂ ਦਿਸ ਰਹੀ। ਦੋਵੇਂ ਪਾਸਿਓਂ ਜਵਾਬੀ ਹਮਲੇ ਜਾਰੀ ਹਨ। ਇਸ ਦਰਮਿਆਨ ਯੂਕਰੇਨ ’ਚ ਰੂਸ ਦੀ 14ਵੀਂ ਆਰਮੀ ਕੋਰ ਦੇ ਡਿਪਟੀ ਕਮਾਂਡਰ ਮੇਜਰ ਜਨਰਲ ਵਲਾਦੀਮੀਰ ਜਾਵਦਸਕੀ ਦੇ ਮਾਰੇ ਜਾਣ ਦੀ ਖ਼ਬਰ ਹੈ। ਸੋਮਵਾਰ ਨੂੰ ਰੂਸ ਨੇ ਇਸ ਦੀ ਪੁਸ਼ਟੀ ਕੀਤੀ ਹੈ।
ਰੂਸ ਦੇ ਵੋਰੋਨੇਜ ਰੀਜਨ ਦੇ ਗਵਰਨਰ ਅਲੈਕਜੈਂਡਰ ਗੁਸੇਵ ਨੇ ਦੱਸਿਆ ਕਿ ਮੇਜਰ ਜਨਰਲ ਵਲਾਦੀਮੀਰ ਜਾਵਦਸਕੀ ਦੀ ਮੌਤ ਹੋ ਗਈ ਹੈ। ਇਸ ਨੂੰ ਉਨ੍ਹਾਂ ਨੇ ਵੱਡਾ ਨੁਕਸਾਨ ਦੱਸਿਆ। ਉਹ ਇਕ ਅਨੁਸ਼ਾਸਤ ਅਧਿਕਾਰੀ ਸਨ, ਜੋ ਟੈਂਕ ਕਮਾਂਡਰ ਵੀ ਰਹੇ ਹਨ। ਯੂਕਰੇਨ ਯੁੱਧ ਦੂਜੇ ਸਾਲ ਦੇ ਅੰਤ ’ਚ ਪਹੁੰਚ ਗਿਆ ਹੈ, ਜਿਸ ਨੂੰ ਰੂਸ ਵਿਸ਼ੇਸ਼ ਫ਼ੌਜੀ ਮੁਹਿੰਮ ਨਾਂ ਦਿੰਦਾ ਹੈ। ਖੋਜੀ ਨਿਊਜ਼ ਆਊਟਲੈੱਟ ਆਈਸਟੋਰੀਜ਼ ਅਨੁਸਾਰ ਯੁੱਧ ਸ਼ੁਰੂ ਹੋਣ ਤੋਂ ਬਾਅਦ ਜਾਵਦਸਕੀ ਸੱਤਵੇਂ ਮੇਜਰ ਜਨਰਲ ਹਨ, ਜਿਸ ਦੀ ਰੂਸ ਨੇ ਪੁਸ਼ਟੀ ਕੀਤੀ ਹੈ। ਕੁੱਲ ਮਿਲਾ ਕੇ ਯੁੱਧ ਸ਼ੁਰੂ ਹੋਣ ਤੋਂ ਬਾਅਦ 12 ਸੀਨੀਅਰ ਅਧਿਕਾਰੀਆਂ ਦੀ ਮੌਤ ਹੋਈ ਹੈ। ਫ਼ੌਜੀ ਵਿਸ਼ਲੇਸ਼ਕ ਇਸ ਨੂੰ ਯੂਕਰੇਨ ਦੀ ਸਫਲਤਾ ਦੇ ਰੂਪ ’ਚ ਦੇਖਦੇ ਹਨ।
ਰੂਸ ਨੇ ਡੇਗੇ 18 ਡ੍ਰੋਨ ਤੇ ਇਕ ਕਰੂਜ਼ ਮਿਜ਼ਾਈਲ : ਯੂਕਰੇਨ
ਯੂਕਰੇਨੀ ਹਵਾਈ ਫ਼ੌਜ ਨੇ ਸੋਮਵਾਰ ਨੂੰ ਕਿਹਾ ਕਿ ਰਾਤ ਸਮੇਂ ਰੂਸ ਵੱਲੋਂ 23 ਡ੍ਰੋਨ ਤੇ ਇਕ ਕਰੂਜ਼ ਮਿਜ਼ਾਈਲ ਦਾਗੀ ਗਈ। ਉਸ ਨੇ ਦਾਅਵਾ ਕੀਤਾ ਕਿ ਇਨ੍ਹਾਂ ਨੂੰ ਟੀਚੇ ਤੱਕ ਪਹੁੰਚਣ ਤੋਂ ਪਹਿਲਾਂ ਯੂਕਰੇਨ ਦੇ ਏਅਰ ਡਿਫੈਂਸ ਸਿਸਟਮ ਨੇ ਡੇਗ ਦਿੱਤਾ। ਟੈਲੀਗ੍ਰਾਮ ਐਪ ’ਤੇ ਦੱਸਿਆ ਗਿਆ ਹੈ ਕਿ ਨੌਂ ਰੀਜਨ ’ਚ ਐਂਟੀ-ਏਅਰਕਰਾਫਟ ਡਿਫੈਂਸ ਤਾਇਨਾਤ ਹੈ। ਹਾਲਾਂਕਿ ਇਸ ਸਬੰਧੀ ਏਅਰ ਡਿਫੈਂਸ ਨੇ ਵਿਸਥਾਰ ਨਾਲ ਨਹੀਂ ਦੱਸਿਆ।
ਕਾਂਗਰਸ ਛੇਤੀ ਮਨਜ਼ੂਰ ਕਰੇ ਯੂਕਰੇਨ ਲਈ ਮਦਦ ਰਾਸ਼ੀ : ਬਾਇਡਨ ਪ੍ਰਸ਼ਾਸਨ
ਬਾਇਡਨ ਪ੍ਰਸ਼ਾਸਨ ਨੇ ਸੋਮਵਾਰ ਨੂੰ ਅਤਿ ਜ਼ਰੂਰੀ ਚੇਤਾਵਨੀ ਦੇ ਨੋਟ ਨਾਲ ਯੂਕਰੇਨ ਦੀ ਫ਼ੌਜੀ ਤੇ ਆਰਥਿਕ ਮਦਦ ਲਈ 10 ਅਰਬ ਡਾਲਰ ਦੀ ਰਾਸ਼ੀ ਮਨਜ਼ੂਰ ਕਰਨ ਲਈ ਕਾਂਗਰਸ ਨੂੰ ਪੱਤਰ ਭੇਜਿਆ ਹੈ। ਉਸ ਨੇ ਕਿਹਾ ਕਿ ਇਸ ਨਾਲ ਯੂਕਰੇਨ ਨੂੰ ਰੂਸੀ ਹਮਲੇ ਤੋਂ ਸੁਰੱਖਿਆ ’ਚ ਮਦਦ ਮਿਲੇਗੀ। ਪ੍ਰਤੀਨਿਧ ਸਭਾ ਤੇ ਸੀਨੇਟ ਦੇ ਆਗੂਆਂ ਨੂੰ ਭੇਜੇ ਪੱਤਰ ਅਤੇ ਜਾਰੀ ਬਿਆਨ ’ਚ ਕਿਹਾ ਗਿਆ ਹੈ ਕਿ ਇਹ ਮਦਦ ਸਾਲ ਦੇ ਅੰਤ ਤੋਂ ਪਹਿਲਾਂ ਯੂਕਰੇਨ ਤੱਕ ਪਹੁੰਚਣੀ ਜ਼ਰੂਰੀ ਹੈ।