ਦੇਸ਼ ਭਰ ਵਿਚ ਇਕ ਵਾਰ ਫਿਰ ਤੋਂ ਕੋਰੋਨਾ ਸੰਕ੍ਰਮਣ ਨੇ ਜ਼ੋਰ ਫੜ ਲਿਆ ਹੈ। ਪਿਛਲੇ ਕੁਝ ਦਿਨਾਂ ਤੋਂ ਕੋਰੋਨਾ ਦੇ ਮਾਮਲਿਆਂ ਵਿਚ ਲਗਾਤਾਰ ਵਾਧਾ ਹੋ ਰਿਹਾ ਹੈ। ਹੁਣ ਇਕ ਵਾਰ ਫਿਰ ਤੋਂ ਭਾਰਤ ਵਿਚ ਕੋਰੋਨਾ ਵਾਇਰਸ ਨੇ ਡਰਾਉਣਾ ਸ਼ੁਰੂ ਕਰ ਦਿੱਤਾ ਹੈ। ਪਿਛਲੇ 24 ਘੰਟਿਆਂ ਵਿਚ ਕੋਰੋਨਾ ਸੰਕ੍ਰਮਣ ਦੇ ਰਿਕਾਰਡ ਮਾਮਲੇ ਸਾਹਮਣੇ ਆਏ ਹਨ।
ਕੋਰੋਨਾ ਦੇ ਮਾਮਲੇ 2100 ਤੋਂ ਪਾਰ
ਸਿਹਤ ਮੰਤਰਾਲੇ ਨੇ ਦੱਸਿਆ ਕਿ ਦੇਸ਼ ਭਰ ਵਿਚ ਕੋਰੋਨਾ ਦੇ ਕੁੱਲ 2,151 ਮਾਮਲੇ ਦਰਜ ਕੀਤੇ ਗਏ ਹਨ। ਪਿਛਲੇ ਪੰਜ ਮਹੀਨਿਆਂ ਦੇ ਮੁਕਾਬਲੇ ਪਿਛਲੇ 24 ਘੰਟਿਆਂ ਵਿਚ ਸਭ ਤੋਂ ਵੱਧ ਕੋਰੋਨਾ ਦੇ ਮਾਮਲੇ ਸਾਹਮਣੇ ਆਏ ਹਨ। ਮੰਤਰਾਲੇ ਨੇ ਕਿਹਾ ਕਿ ਇਸ ਸਮੇਂ ਦੌਰਾਨ 1,222 ਲੋਕ ਕੋਰੋਨਾ ਤੋਂ ਠੀਕ ਵੀ ਹੋਏ ਹਨ। ਕੋਵਿਡ ਦੇ ਐਕਟਿਵ ਕੇਸ ਹੁਣ ਵੱਧ ਕੇ 11,903 ਹੋ ਗਏ ਹਨ। ਇਸ ਤੋਂ ਪਹਿਲਾਂ ਕੱਲ੍ਹ ਯਾਨੀ ਮੰਗਲਵਾਰ ਨੂੰ ਦੇਸ਼ ਵਿੱਚ 1,573 ਕੋਰੋਨਾ ਮਰੀਜ਼ ਪਾਏ ਗਏ ਸਨ।
ਯੂਪੀ ਵਿਚ 11 ਦਿਨਾਂ ਵਿਚ ਮਰੀਜ਼ਾਂ ਵਿਚ ਚਾਰ ਗੁਣਾ ਵਾਧਾ
ਉੱਤਰ ਪ੍ਰਦੇਸ਼ ਵਿਚ ਪਿਛਲੇ 11 ਦਿਨਾਂ ਵਿਚ ਕੋਰੋਨਾ ਦੇ ਮਰੀਜ਼ ਚਾਰ ਗੁਣਾ ਤੇਜ਼ੀ ਨਾਲ ਵਧੇ ਹਨ। ਪਿਛਲੇ 24 ਘੰਟਿਆਂ ‘ਚ ਇੱਥੇ ਕੋਰੋਨਾ ਦੇ 74 ਨਵੇਂ ਮਾਮਲੇ ਸਾਹਮਣੇ ਆਏ ਹਨ। ਗਾਜ਼ੀਆਬਾਦ ਵਿਚ ਸਭ ਤੋਂ ਵੱਧ 20, ਗੌਤਮ ਬੁੱਧ ਨਗਰ ਵਿਚ 19, ਲਖੀਮਪੁਰ ਵਿਚ ਚਾਰ ਅਤੇ ਲਖਨਊ ਵਿਚ ਅੱਠ ਮਰੀਜ਼ ਪਾਏ ਗਏ ਹਨ। ਐਕਟਿਵ ਕੇਸ ਹੁਣ ਵੱਧ ਕੇ 304 ਹੋ ਗਏ ਹਨ।