ਵਧਦੀ ਮਹਿੰਗਾਈ ਦਰਮਿਆਨ ਦੇਸ਼ ਦੀਆਂ ਮੰਡੀਆਂ ਵਿੱਚੋਂ ਇੱਕ ਰਾਹਤ ਦੀ ਖਬਰ ਸਾਹਮਣੇ ਆਈ ਹੈ। ਮੰਡੀਆਂ ਵਿਚ ਦਾਲ, ਛੋਲੇ ਅਤੇ ਕਣਕ ਦੀ ਆਮਦ ਤੈਅ ਸਮੇਂ ਤੋਂ ਪਹਿਲਾਂ ਹੀ ਸ਼ੁਰੂ ਹੋ ਗਈ ਹੈ।
ਇਸ ਕਾਰਨ ਬਾਜ਼ਾਰ ਵਿਚ ਕਣਕ, ਛੋਲੇ ਅਤੇ ਦਾਲਾਂ ਦੇ ਭਾਅ ਪਹਿਲਾਂ ਹੀ ਘਟਣੇ ਸ਼ੁਰੂ ਹੋ ਗਏ ਹਨ। ਇਸ ਦਾ ਕਾਰਨ ਇਹ ਹੈ ਕਿ ਮਾਰਚ ਦੇ ਪਹਿਲੇ ਹਫ਼ਤੇ ਤੋਂ ਹੀ ਛੋਲੇ ਅਤੇ ਮਸੂਰ ਦੀ ਦਾਲ ਦੇਸ਼ ਦੀਆਂ ਵੱਡੀਆਂ ਮੰਡੀਆਂ ਵਿੱਚ ਪਹੁੰਚਣ ਦੀ ਸੰਭਾਵਨਾ ਹੈ।
ਨਵੀਂ ਫਸਲ ਅਗਾਊਂ ਆਉਣ ਕਾਰਨ ਕਾਰੋਬਾਰੀਆਂ ਵਿਚ ਹਲਚਲ ਮਚ ਗਈ ਹੈ। ਜਿਨ੍ਹਾਂ ਨੇ ਮੁਨਾਫਾ ਕਮਾਉਣ ਲਈ ਪਹਿਲਾਂ ਹੀ ਸਟਾਕ ਜਮ੍ਹਾ ਕੀਤਾ ਹੋਇਆ ਸੀ, ਨਵੀਂ ਫਸਲ ਆਉਣ ਦੀ ਸੰਭਾਵਨਾ ਨੂੰ ਦੇਖਦੇ ਹੋਏ ਇਹ ਲੋਕ ਹੁਣ ਆਪਣਾ ਸਟਾਕ ਖਾਲੀ ਕਰ ਰਹੇ ਹਨ।
ਇਸ ਕਾਰਨ ਥੋਕ ਬਾਜ਼ਾਰ ਵਿੱਚ ਦਾਲ ਦੀ ਕੀਮਤ 60 ਰੁਪਏ ਪ੍ਰਤੀ ਕਿਲੋ ਤੱਕ ਪਹੁੰਚ ਗਈ ਹੈ। ਇਸ ਦੇ ਨਾਲ ਹੀ ਥੋਕ ਬਾਜ਼ਾਰ ‘ਚ ਛੋਲਿਆਂ ਦੀ ਕੀਮਤ 52 ਤੋਂ 55 ਰੁਪਏ ਪ੍ਰਤੀ ਕਿਲੋ ਹੋ ਗਈ ਹੈ। ਇਸੇ ਤਰ੍ਹਾਂ ਕਣਕ ਦੀ ਕੀਮਤ 23 ਤੋਂ 25 ਰੁਪਏ ਪ੍ਰਤੀ ਕਿਲੋ ਹੋ ਗਈ ਹੈ।
ਆਮ ਆਦਮੀ ਨੂੰ ਮਹਿੰਗਾਈ ਤੋਂ ਵੱਡੀ ਰਾਹਤ
ਕੇਂਦਰ ਸਰਕਾਰ ਵੱਲੋਂ ਜਾਰੀ ਕੀਤੇ ਗਏ ਅਨੁਮਾਨ ਅਨੁਸਾਰ ਇਸ ਸਾਲ ਅਨਾਜ ਦੀ ਰਿਕਾਰਡ ਪੈਦਾਵਾਰ ਦੀ ਆਸ ਹੈ। ਇਸ ਵਿਚ ਕਣਕ, ਛੋਲਿਆਂ ਦੇ ਨਾਲ-ਨਾਲ ਦਾਲਾਂ ਦੇ ਵਧੀਆ ਉਤਪਾਦਨ ਦੀ ਆਸ ਪ੍ਰਗਟਾਈ ਗਈ ਹੈ। ਕਣਕ, ਛੋਲਿਆਂ ਅਤੇ ਦਾਲਾਂ ਦੇ ਨਾਲ-ਨਾਲ ਸਰੋਂ ਦਾ ਤੇਲ ਵੀ ਥੋਕ ਬਾਜ਼ਾਰ ‘ਚ 135 ਰੁਪਏ ਪ੍ਰਤੀ ਲੀਟਰ ‘ਤੇ ਪਹੁੰਚ ਗਿਆ ਹੈ।
ਦੱਸ ਦਈਏ ਕਿ ਕੁਝ ਸਮਾਂ ਪਹਿਲਾਂ ਤੱਕ ਕਣਕ ਦੀਆਂ ਕੀਮਤਾਂ ‘ਚ ਉਛਾਲ ਸੀ ਪਰ ਪਿਛਲੇ ਕੁਝ ਦਿਨਾਂ ਤੋਂ ਇਸ ‘ਚ ਗਿਰਾਵਟ ਦੇਖਣ ਨੂੰ ਮਿਲ ਰਹੀ ਹੈ। ਮਾਹਿਰਾਂ ਅਨੁਸਾਰ ਇਸ ਵਾਰ ਮੰਡੀ ਦਾ ਰੁਖ ਕਿਸਾਨਾਂ ਲਈ ਕਾਫੀ ਅਨੁਕੂਲ ਹੈ।