ਲੰਬੇ ਸਮੇਂ ਤੋਂ ਉਚਿਤ ਰਾਇਲਟੀ ਲਈ ਲੜਾਈ ਲੜ ਰਹੇ ਗਾਇਕਾਂ ਨੂੰ ਆਖ਼ਰਕਾਰ ਵੱਡੀ ਕਾਮਯਾਬੀ ਮਿਲੀ ਹੈ। ਕਈ ਭਾਰਤੀ ਮਿਊਜ਼ਿਕ ਕੰਪਨੀਆਂ ਦੀ ਨੁਮਾਇੰਦਗੀ ਕਰਨ ਵਾਲੀ ਸੰਸਥਾ ਇੰਡੀਅਨ ਮਿਊਜ਼ਿਕ ਇੰਡਸਟਰੀ (ਆਈਐੱਮਆਈ) ਤੇ ਦੇਸ਼ ਦੇ ਗਾਇਕਾਂ ਦੀ ਨੁਮਾਇੰਦਗੀ ਕਰਨ ਵਾਲੀ ਸੰਸਥਾ ਇੰਡੀਅਨ ਸਿੰਗਰਜ਼ ਰਾਈਟਸ ਐਸੋਸੀਏਸ਼ਨ (ਆਈਐੱਸਆਰਏ) ਵਿਚਾਲੇ ਹੋਏ ਸਮਝੌਤੇ ਬਾਰੇ ਐਤਵਾਰ ਨੂੰ ਮੁੰਬਈ ’ਚ ਇਕ ਸਮਾਗਮ ਕਰਵਾਇਆ ਗਿਆ। ਵਣਜ ਤੇ ਉਦਯੋਗ ਮੰਤਰੀ ਪੀਯੂਸ਼ ਗੋਇਲ ਨੇ ਦੱਸਿਆ ਕਿ ਫੋਨੋਗ੍ਰਾਫਿਕ ਪਰਫਾਰਮੈਂਸ ਲਿਮਟਿਡ (ਪੀਪੀਐੱਲ) ਨੇ ਪਿਛਲੇ ਵਿੱਤੀ ਸਾਲ ’ਚ ਕਰੀਬ 140 ਕਰੋੜ ਰੁਪਏ ਦੀ ਰਾਇਲਟੀ ਇਕੱਠੀ ਕੀਤੀ ਸੀ। ਗੋਇਲ ਨੇ ਕਿਹਾ ਕਿ ਨਵੇਂ ਸਮਝੌਤੇ ਤਹਿਤ ਪੀਪੀਐੱਲ ਦੇ ਸੰਗ੍ਰਹਿ ਦਾ 25 ਫ਼ੀਸਦੀ ਹੁਣ ਉਨ੍ਹਾਂ ਗਾਇਕਾਂ ਨਾਲ ਸਾਂਝਾ ਕੀਤਾ ਜਾਵੇਗਾ ਜਿਹੜੇ ਆਈਐੱਸਆਰਏ ਦਾ ਹਿੱਸਾ ਹੋਣਗੇ।