ਦਿੱਲੀ ਪੁਲਿਸ ਨੇ ਏਅਰ ਇੰਡੀਆ ਦੇ ਜਹਾਜ਼ ਨੂੰ ਹਾਈਜੈਕ ਕਰਨ ਦੀ ਧਮਕੀ ਦੇਣ ਦੇ ਮਾਮਲੇ ‘ਚ ਐਫਆਈਆਰ ਦਰਜ ਕੀਤੀ ਹੈ। ਦੱਸਿਆ ਜਾ ਰਿਹਾ ਹੈ ਕਿ 13 ਜੁਲਾਈ ਨੂੰ ਪੁਣੇ ਸਥਿਤ ਏਅਰ ਇੰਡੀਆ ਦੇ ਕਾਲ ਸੈਂਟਰ ‘ਤੇ ਫੋਨ ਕਰ ਕੇ ਧਮਕੀਆਂ ਦਿੱਤੀਆਂ ਗਈਆਂ ਸਨ।
ਫੋਨ ਕਰਨ ਵਾਲੇ ਵੱਲੋਂ ਦਿੱਲੀ ਤੋਂ ਤੇਲ ਅਵੀਵ ਜਾਣ ਵਾਲੀ ਫਲਾਈਟ ਨੂੰ ਹਾਈਜੈਕ ਕਰਨ ਦੀ ਧਮਕੀ ਦੇਣ ਤੋਂ ਬਾਅਦ ਐਤਵਾਰ ਨੂੰ ਇਸ ਸਬੰਧ ‘ਚ ਮਾਮਲਾ ਦਰਜ ਕੀਤਾ ਗਿਆ। ਪੁਲਿਸ ਮੁਤਾਬਕ ਕਾਲ ਕਰਨ ਵਾਲੇ ਨੇ ਕਿਹਾ ਕਿ ਉਸ ਨੇ ਕਿਸੇ ਹੋਰ ਵਿਅਕਤੀ ਨੂੰ ਇਹ ਕਹਿੰਦੇ ਹੋਏ ਸੁਣਿਆ ਕਿ ਦਿੱਲੀ ਤੋਂ ਤੇਲ ਅਵੀਵ ਜਾਣ ਵਾਲੀ ਫਲਾਈਟ ਨੂੰ ਹਾਈਜੈਕ ਕਰ ਲਿਆ ਜਾਵੇਗਾ।
ਦਿੱਲੀ ਪੁਲਿਸ ਵੱਲੋਂ ਦਰਜ ਕੀਤੀ ਗਈ ਐਫਆਈਆਰ ਮੁਤਾਬਕ 13 ਜੁਲਾਈ ਨੂੰ ਸਵੇਰੇ 6.05 ਵਜੇ ਪੁਣੇ ‘ਚ ਏਅਰ ਇੰਡੀਆ ਦੇ ਕਾਲ ਸੈਂਟਰ ’ਤੇ ਇਕ ਕਾਲ ਆਈ। ਕਾਲ ਕਰਨ ਵਾਲੇ ਨੇ ਕਿਹਾ ਕਿ ਉਸਨੇ ਇਕ ਵਿਅਕਤੀ ਨੂੰ ਦਿੱਲੀ-ਤੇਲ ਅਵੀਵ ਫਲਾਈਟ ਨੂੰ ਹਾਈਜੈਕ ਕਰਨ ਬਾਰੇ ਗੱਲ ਕਰਦੇ ਸੁਣਿਆ ਹੈ। ਫੋਨ ਕਰਨ ਵਾਲੇ ਨੇ ਆਪਣੀ ਪਛਾਣ ਅਸਾਮ ਦੇ ਰਹਿਣ ਵਾਲੇ ਅਨੁਰਾਗ ਵਜੋਂ ਦੱਸੀ।
ਏਅਰ ਇੰਡੀਆ ਦੀ ਦਿੱਲੀ-ਤੇਲ ਅਵੀਵ ਫਲਾਈਟ ਨੂੰ ਹਾਈਜੈਕ ਦੀ ਧਮਕੀ ਮਿਲਣ ਤੋਂ ਬਾਅਦ ਗੁਹਾਟੀ ਹਵਾਈ ਅੱਡੇ ‘ਤੇ ਬੀਟੀਏਸੀ (ਬੰਬ ਥਰੇਟ ਅਸੈਸਮੈਂਟ ਕਮੇਟੀ) ਦੀ ਮੀਟਿੰਗ ਬੁਲਾਈ ਗਈ ਅਤੇ ਸਵੇਰੇ 9.16 ਤੋਂ 11.15 ਵਜੇ ਤਕ ਵਿਸ਼ੇਸ਼ ਸੁਰੱਖਿਆ ਕਮੇਟੀ ਦੀ ਮੀਟਿੰਗ ਬੁਲਾਈ ਗਈ।
ਇਸ ਤੋਂ ਇਲਾਵਾ ਧਮਕੀ ਭਰੀਆਂ ਕਾਲਾਂ ਦੀ ਜਾਂਚ ਵਿਚ ਹੁਣ ਤਕ ਕੁਝ ਵੀ ਸ਼ੱਕੀ ਸਾਹਮਣੇ ਨਹੀਂ ਆਇਆ ਹੈ। ਦਿੱਲੀ ਪੁਲਿਸ ਨੇ ਕਿਹਾ ਕਿ ਅਜੇ ਜਾਂਚ ਜਾਰੀ ਹੈ। ਪੁਲਿਸ ਨੇ ਦੱਸਿਆ ਕਿ ਆਈਜੀਆਈ ਏਅਰਪੋਰਟ ਪੁਲਿਸ ਸਟੇਸ਼ਨ ਵਿੱਚ ਆਈਪੀਸੀ ਦੀਆਂ ਸਬੰਧਤ ਧਾਰਾਵਾਂ ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।