ਈਰਾਨ ਦੇ ਕਬਜ਼ੇ ’ਚੋਂ ਵਣਜੀ ਜਹਾਜ਼ਾਂ ਨੂੰ ਬਚਾਉਣ ਤੇ ਪੱਛਮੀ ਏਸ਼ੀਆ ’ਚ ਸੁਰੱਖਿਆ ਵਧਾਉਣ ਦੇ ਮਕਸਦ ਨਾਲ ਅਮਰੀਕਾ ਖਾੜੀ ਖੇਤਰ ’ਚ ਹੋਰ ਜੰਗੀ ਬੇੜੇ ਤੇ ਹਜ਼ਾਰਾਂ ਜਲ ਸੈਨਿਕ ਭੇਜ ਰਿਹਾ ਹੈ। ਰੱਖਿਆ ਸਕੱਤਰ ਲਾਇਡ ਆਸਟਿਨ ਨੇ ਵੀਰਵਾਰ ਨੂੰ ਯੂਐੱਸਐੱਸ ਬਾਟਨ ਤਤਪਰਤਾ ਸਮੂਹ ਤੇ 26ਵੀਂ ਸਮੁੰਦਰੀ ਮੁਹਿੰਮ ਇਕਾਈ ਦੀ ਤਾਇਨਾਤੀ ਨੂੰ ਮਨਜ਼ੂਰੀ ਦੇ ਦਿੱਤੀ। ਤੱਤਪਰਤਾ ਸਮੂਹ ’ਚ ਬਾਟਨ ਤੇ ਹਮਲਾਵਰ ਜਹਾਜ਼ਾਂ ਸਣੇ ਤਿੰਨ ਜਹਾਜ਼ ਰਹਿੰਦੇ ਹਨ ਤੇ ਮੁਹਿੰਮ ਇਕਾਈ ’ਚ ਆਮ ਤੌਰ ’ਤੇ 2500 ਜਲ ਸੈਨਿਕ ਹੁੰਦੇ ਹਨ।
ਅਮਰੀਕਾ ਦੀ ਮੱਧ ਕਮਾਨ ਨੇ ਕਿਹਾ ਕਿ ਜਲ ਸੈਨਿਕਾਂ ਤੇ ਜੰਗੀ ਬੇੜਿਆਂ ਦੀ ਤਾਇਨਾਤੀ ਖੇਤਰ ’ਚ ਜ਼ਿਆਦਾ ਲਚੀਲਾਪਨ ਤੇ ਸਮੁੰਦਰੀ ਸਮਰੱਥਾ ਪ੍ਰਦਾਨ ਕਰੇਗੀ। ਐਲਾਨ ’ਚ ਜਹਾਜ਼ਾਂ ਦਾ ਨਾਂ ਨਹੀਂ ਦੱਸਿਆ ਗਿਆ ਪਰ ਅਮਰੀਕੀ ਅਧਿਕਾਰੀਆਂ ਨੇ ਨਾਂ ਨਾ ਛਾਪਣ ਦੀ ਸ਼ਰਤ ’ਤੇ ਤਾਇਨਾਤੀ ’ਚ ਸ਼ਾਮਲ ਯੂਨਿਟਾਂ ਬਾਰੇ ਦੱਸਿਆ। ਸਮੂਹ ’ਚ ਬਾਟਨ ਦੇ ਨਾਲ ਦੋ ਹੋਰ ਜੰਗੀ ਬੇੜੇ ਯੂਐੱਸਐੱਸ ਮੈਸਾ ਵਰਡੇ ਤੇ ਯੂਐੱਸਐੱਸ ਕਾਰਟਰ ਹਾਲ ਵੀ ਸ਼ਾਮਲ ਹਨ। ਮਹੀਨਾ ਪਹਿਲਾਂ ਇਸ ਸਮੂਹ ਨੇ ਨਾਰਫਾਕ, ਵਰਜੀਨੀਆ ਛੱਡਿਆ ਹੈ। ਵੀਰਵਾਰ ਨੂੰ ਇਹ ਸਪੱਸ਼ਟ ਨਹੀਂ ਸੀ ਕਿ ਕੀ ਤਿੰਨੇ ਜਹਾਜ਼ ਖਾੜੀ ਖੇਤਰ ’ਚ ਹੀ ਤਾਇਨਾਤ ਰਹਿਣਗੇ? ਇਸ ਮਹੀਨੇ ਦੀ ਸ਼ੁਰੂਆਤ ’ਚ ਈਰਾਨ ਨੇ ਹੋਰਮੁਜ ਸਟ੍ਰੇਟ ’ਚ ਤੇਲ ਦੇ ਦੋ ਟੈਂਕਰਾਂ ’ਤੇ ਕਬਜ਼ਾ ਕਰ ਲਿਆ ਸੀ।