ਥਾਣਾ ਅਰਨੀ ਵਾਲਾ ਦੀ ਹਦੂਦ ਵਿਚ ਪੈਂਦੇ ਪਿੰਡ ਮਾਹੂਆਣਾ ਬੋਦਲਾ ਵਿਚ ਬੀਤੇ ਦਿਨੀਂ ਹੋਏ ਨਿਹੰਗ ਸਿੰਘ ਪਿਓ ਪੁੱਤਰ ਦੇ ਕਤਲ ਦੀ ਵਾਰਦਾਤ ਨੂੰ ਪੁਲਿਸ ਨੇ 6 ਘੰਟੇ ਵਿਚ ਸੁਲਝਾਉਣ ਦਾ ਦਾਅਵਾ ਕੀਤਾ ਹੈ। ਇਸ ਸਬੰਧਈ ਸੱਦੀ ਗਈ ਪ੍ਰੈੱਸ ਕਾਨਫਰੰਸ ਵਿਚ ਜਲਾਲਾਬਾਦ ਦੇ ਡੀਐੱਸਪੀ ਏਆਰ ਸ਼ਰਮਾ ਨੇ ਦੱਸਿਆ ਕਿ ਇਹ ਮੁਕੱਦਮਾ ਸੁਰਜੀਤ ਸਿੰਘ ਵਾਸੀ ਮਾਹੂਆਣਾ ਬੋਦਲਾ ਦੇ ਬਿਆਨਾਂ ’ਤੇ ਦਰਜ ਕੀਤਾ ਗਿਆ ਸੀ।
ਬਿਆਨ ਕਰਤਾ ਨੇ ਦੱਸਿਆ ਸੀ ਕਿ ਉਸ ਦੇ ਚਾਚਾ ਦਿਲਬਾਗ ਸਿੰਘ ਦੇ ਬੇਟੇ ਵਿਕਰਮਜੀਤ ਸਿੰਘ ਅਤੇ ਉਸ ਦਾ ਭਰਾ ਨਿਹੰਗ ਸਿੰਘ ਸਜੇ ਸਨ ਅਤੇ ਮਾਨਾ ਰੋਡ ’ਤੇ ਗੁਰਦੁਆਰਾ ਬਾਬਾ ਜੀਵਨ ਸਿੰਘ ਬੁੱਢਾ ਦਲ ਲੰਬੀ ਵਿਖੇ ਰਹਿੰਦੇ ਹਨ। 19 ਜੁਲਾਈ ਨੂੰ ਇਕ ਭਰਾ ਦਾ ਬਿਆਨ ਕਰਤਾ ਦੇ ਪਿਤਾ ਪ੍ਰਤਾਪ ਸਿੰਘ ਨਾਲ ਝਗੜਾ ਹੋ ਗਿਆ ਸੀ, ਇਸ ਝਗੜੇ ਸਬੰਧੀ 21 ਅਕਤੂਬਰ ਨੂੰ ਪੰਚਾਇਤ ਨੇ ਬੈਠਣਾ ਸੀ। ਜਦੋਂ ਮੁੱਦਈ ਦਾ ਪਿਤਾ ਪ੍ਰਤਾਪ ਸਿੰਘ ਤੇ ਉਸ ਦਾ ਭਾਈ ਗਗਨਦੀਪ ਸਿੰਘ ਆਪਣੇ ਮੋਟਰਸਾਈਕਲ ’ਤੇ ਆਏ ਤਾਂ ਮੁਲਜ਼ਮਾਂ ਨੇ ਉਨ੍ਹਾਂ ’ਤੇ ਲੱਕੜ ਦੇ ਪਾਵੇ ਤੇ ਸੋਟਿਆਂ ਨਾਲ ਹਮਲਾ ਕਰ ਦਿੱਤਾ ਜਿਸ ਨਾਲ ਸਿਰ ਵਿਚ ਸੱਟਾਂ ਲੱਗੀਆਂ ਜਿਸ ’ਤੇ ਦੋਵੇਂ ਜਣੇ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਏ ਤੇ ਬੇਹੋਸ਼ ਹੋ ਕੇ ਸੜਕ ’ਤੇ ਡਿੱਗ ਪਏ ਜਿਨ੍ਹਾਂ ਨੂੰ ਸਿਵਲ ਹਸਪਤਾਲ ਫਾਜ਼ਿਲਕਾ ਲੈ ਕੇ ਜਾ ਰਹੇ ਸੀ ਤਾ ਉਨ੍ਹਾਂ ਦੀ ਰਸਤੇ ਵਿਚ ਮੌਤ ਹੋ ਗਈ। ਉਨ੍ਹਾਂ ਦੱਸਿਆ ਕਿ ਵਜਾ ਰੰਜਿਸ਼ ਇਹ ਹੈ ਕਿ ਇਨ੍ਹਾਂ ਦੋਵਾਂ ਧਿਰਾਂ ਦਾ ਕਰੀਬ 3 ਮਹੀਨੇ ਪਹਿਲਾਂ ਝਗੜਾ ਹੋਇਆ ਸੀ ਜਿਸ ਕਰ ਕੇ ਮੁਲਜ਼ਮਾਂ ਨੇ ਇਹ ਵਾਰਦਾਤ ਕੀਤੀ ਹੈ। ਜਿਸ ’ਤੇ ਪ੍ਰਤਾਪ ਸਿੰਘ ਤੇ ਗਗਨਦੀਪ ਸਿੰਘ ਦੇ ਸੱਟਾਂ ਮਾਰ ਕੇ ਉਨ੍ਹਾਂ ਦਾ ਕਤਲ ਕਰ ਦਿੱਤਾ। ਜਿਸ ’ਤੇ ਥਾਣਾ ਅਰਨੀਵਾਲਾ ਵਿਚ ਵਿਕਰਮਜੀਤ ਸਿੰਘ ਤੇ ਉਸ ਦਾ ਭਰਾ ਤੇ ਦਿਲਬਾਗ ਸਿੰਘ ਵਾਸੀਆਨ ਮਾਹੂਆਣਾ ਬੋਦਲਾ ’ਤੇ ਕੇਸ ਦਰਜ ਕੀਤਾ ਗਿਆ ਹੈ। ਕੇਸ ਦਰਜ ਹੋਣ ਤੋਂ 6 ਘੰਟਿਆਂ ਵਿਚ ਤਿੰਨੇਂ ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ।