ਨਵੀਂ ਦਿੱਲੀ: ਅਮਰੀਕਾ ਦੇ ਰਾਸ਼ਟਰਪਤੀ ਡੌਨਲਡ ਟਰੰਪ ਨੇ ਅਮਰੀਕਾ ‘ਚ ਟਿਕਟੌਕ ਦੀ ਮੂਲ ਕੰਪਨੀ ਖ਼ਿਲਾਫ਼ ਕਾਰਜਕਾਰੀ ਹੁਕਮ ਜਾਰੀ ਕੀਤਾ ਹੈ। ਇਹ ਹੁਕਮ 45 ਦਿਨਾਂ ਤਕ ਪ੍ਰਭਾਵੀ ਰਹੇਗਾ। ਹੁਕਮ ਕਿਸੇ ਵੀ ਅਮਰੀਕੀ ਕੰਪਨੀ ਜਾਂ ਵਿਅਕਤੀ ਉੱਪਰ ਚੀਨੀ ਮੂਲ ਦੀ ਕੰਪਨੀ ਬਾਈਟਡਾਂਸ ਨਾਲ ਲੈਣ-ਦੇਣ ‘ਤੇ ਬੈਨ ਲਾਉਂਦਾ ਹੈ।
ਹੁਕਮ ‘ਚ ਕਿਹਾ ਗਿਆ ਕਿ ਸੰਯੁਕਤ ਰਾਜ ਅਮਰੀਕਾ ਨੂੰ ਸਾਡੀ ਰਾਸ਼ਟਰੀ ਸੁਰੱਖਿਆ ਲਈ ਟਿਕਟੌਕ ਮਾਲਕਾਂ ਖਿਲਾਫ ਪੁਖ਼ਤਾ ਕਾਰਵਾਈ ਕਰਨੀ ਚਾਹੀਦੀ ਹੈ। ਰਾਸ਼ਟਰਪਤੀ ਟਰੰਪ ਨੇ ਟਿਕਟੌਕ ਨੂੰ ਦੇਸ਼ ਦੀ ਸੁਰੱਖਿਆ ਲਈ ਖਤਰਾ ਦੱਸਿਆ ਹੈ।
ਹੁਕਮਾਂ ਮੁਤਾਬਕ ਇਸ ਡਾਟਾ ਸੰਗ੍ਰਹਿ ਨਾਲ ਚੀਨੀ ਕਮਿਊਨਿਸਟ ਪਾਰਟੀ ਨੂੰ ਅਮਰੀਕੀਆਂ ਦੀ ਵਿਅਕਤੀਗਤ ਤੇ ਮਾਲਿਕਾਨਾ ਜਾਣਕਾਰੀ ਤਕ ਪਹੁੰਚਣ ਦੀ ਇਜਾਜ਼ਤ ਮਿਲਦੀ ਹੈ। ਇਹ ਵੀ ਕਿਹਾ ਗਿਆ ਕਿ ਸੰਭਾਵਿਤ ਰੂਪ ਤੋਂ ਚੀਨੀ ਐਪ ਸੰਘੀ ਕਰਮਚਾਰੀਆਂ ਤੇ ਠੇਕੇਦਾਰਾਂ ਬਾਰੇ ਟ੍ਰੈਕ ਕਰਨ, ਬਲੈਕਮੇਲ ਲਈ ਵਿਅਕਤੀਗਤ ਜਾਣਕਾਰੀ ਨੂੰ ਡੋਜ਼ੀਅਰ ਬਣਾਉਣ ਤੇ ਕਾਰਪੋਰੇਟ ਜਾਸੂਸੀ ਕਰਨ ਦੀ ਇਜਾਜ਼ਤ ਦਿੰਦਾ ਹੈ।
15 ਸਤੰਬਰ ਤਕ ਅਮਰੀਕਾ ‘ਚ ਹੋਵੇਗਾ ਬੈਨ:
ਟਰੰਪ ਨੇ ਵਾਈਟ ਹਾਊਸ ‘ਚ ਕਿਹਾ “ਜੇਕਰ ਇਸ ਅਮਰੀਕੀ ਕੰਪਨੀ ਨੂੰ ਵੇਚਿਆ ਨਾ ਗਿਆ ਤਾਂ 15 ਸਤੰਬਰ ਤਕ ਇਸ ਨੂੰ ਅਮਰੀਕਾ ‘ਚ ਬੈਨ ਕਰ ਦਿੱਤਾ ਜਾਵੇਗਾ। ਟਰੰਪ ਨੇ ਇਹ ਵੀ ਕਿਹਾ ਕਿ ਜੇਕਰ ਕੋਈ ਵਿਕਰੀ ਹੁੰਦੀ ਹੈ ਤਾਂ ਉਸ ਦਾ ਹਿੱਸਾ ਅਮਰੀਕੀ ਟੈਕਸ ਅਦਾ ਕਰਨ ਵਾਲਿਆਂ ਨੂੰ ਵੀ ਮਿਲਣਾ ਚਾਹੀਦਾ ਹੈ।”
ਇਨ੍ਹਾਂ ਡਿਵਾਇਸਾਂ ‘ਚ ਟਿਕਟੌਕ ਬੈਨ:
ਅਮਰੀਕੀ ਸੈਨੇਟ ਨੇ ਸਰਵ ਸੰਮਤੀ ਨਾਲ ਸੰਘੀ ਕਰਮਚਾਰੀਆਂ ਨੂੰ ਸਰਕਾਰ ਵੱਲੋਂ ਦਿੱਤੇ ਗਏ ਡਿਵਾਈਸ ‘ਚ ਟਿੱਕ ਟੌਕ ਦੀ ਵਰਤੋਂ ‘ਤੇ ਪਾਬੰਦੀ ਲਾ ਦਿੱਤੀ ਹੈ। ਇਹ ਪਾਬੰਦੀ ਉਸ ਬਿੱਲ ਨੂੰ ਮਨਜ਼ੂਰੀ ਮਿਲਣ ਤੋਂ ਬਾਅਦ ਲਾਈ ਗਈ ਜਿਸ ਤੇ ਵੀਰਵਾਰ ਸੈਨੇਟ ‘ਚ ਵੋਟਿੰਗ ਹੋਈ ਸੀ। ਵਾਈਟ ਹਾਊਸ ਨੇ ਟਿਕਟੌਕ ਐਪ ਨੂੰ ਸੁਰੱਖਿਆ ਕਾਰਨਾਂ ਤੋਂ ਖਤਰਨਾਕ ਦੱਸਿਆ ਹੈ।
ਮਾਈਕ੍ਰੋਸੌਫਟ ਨਾਲ ਹੋਵੇਗੀ ਡੀਲ:
ਇਕ ਬਿਆਨ ਮੁਤਾਬਕ ਮਾਈਕ੍ਰੋਸੌਫਟ ਨੇ ਕਿਹਾ ਕਿ ਉਨ੍ਹਾਂ ਦਾ ਅਮਰੀਕਾ ‘ਚ ਟਿਕਟੌਕ ਨਾਲ ਡੀਲ ਪੂਰੀ ਕਰਨ ਦਾ ਟਾਰਗੇਟ ਸੀ। ਕੰਪਨੀ ਦੇ ਮੁਤਾਬਕ ਆਸਟਰੇਲੀਆ ਤੇ ਨਿਊਜ਼ੀਲੈਂਡ ਚ ਵੀ ਡੀਲ 15 ਸਤੰਬਰ ਤਕ ਪੂਰੀ ਹੋਣ ਦੀ ਉਮੀਦ ਹੈ। ਇਸ ਲਈ ਟਿਕਟੌਕ ਨੂੰ ਨੋਟਿਸ ਵੀ ਜਾਰੀ ਕਰ ਦਿੱਤਾ ਗਿਆ ਹੈ।