ਟਰੰਪ ਪ੍ਰਸ਼ਾਸਨ ਨੇ ਚੀਨੀ ਐਪ ਟਿਕਟਾਕ ਨੂੰ ਆਪਣਾ ਅਮਰੀਕੀ ਕਾਰੋਬਾਰ ਵੇਚਣ ਲਈ ਸੱਤ ਦਿਨਾਂ ਦਾ ਹੋਰ ਸਮਾਂ ਦਿੱਤਾ ਹੈ। ਵੀਡੀਓ ਸ਼ੇਅਰਿੰਗ ਇਸ ਐਪ ਦਾ ਮਾਲਕਾਨਾ ਹੱਕ ਚੀਨੀ ਕੰਪਨੀ ਬਾਈਟਡਾਂਸ ਕੋਲ ਹੈ।
ਅਮਰੀਕਾ ਦੇ ਖ਼ਜ਼ਾਨਾ ਵਿਭਾਗ ਨੇ ਬੁੱਧਵਾਰ ਨੂੰ ਦੱਸਿਆ ਕਿ ਵਿਦੇਸ਼ੀ ਨਿਵੇਸ਼ ਮਾਮਲਿਆਂ ਦੀ ਕਮੇਟੀ ਨੇ ਮੋਹਲਤ ਵਧਾਉਣ ਦੀ ਮਨਜ਼ੂਰੀ ਦਿੱਤੀ ਹੈ। ਹੁਣ ਚਾਰ ਦਸੰਬਰ ਤਕ ਦਾ ਸਮਾਂ ਦਿੱਤਾ ਗਿਆ ਹੈ। ਰਾਸ਼ਟਰੀ ਸੁਰੱਖਿਆ ਸਬੰਧੀ ਚਿੰਤਾਵਾਂ ਦਾ ਹਵਾਲਾ ਦੇ ਕੇ ਟਰੰਪ ਪ੍ਰਸ਼ਾਸਨ ਨੇ ਬਾਈਟਡਾਂਸ ਨੂੰ ਇਹ ਆਦੇਸ਼ ਦਿੱਤਾ ਸੀ ਕਿ ਉਹ 12 ਨਵੰਬਰ ਤਕ ਆਪਣੇ ਅਮਰੀਕੀ ਕਾਰੋਬਾਰ ਨੂੰ ਵੇਚ ਦੇਵੇ। ਬਾਅਦ ਵਿਚ ਅਮਰੀਕੀ ਖ਼ਰੀਦਦਾਰਾਂ ਨਾਲ ਕਿਸੇ ਸਮਝੌਤੇ ਤਕ ਪੁੱਜਣ ਲਈ ਇਹ ਸਮਾਂ ਸੀਮਾ 27 ਨਵੰਬਰ ਤਕ ਲਈ ਵਧਾ ਦਿੱਤੀ ਗਈ ਸੀ। ਹੁਣ ਜੇਕਰ ਚਾਰ ਦਸੰਬਰ ਤਕ ਚੀਨੀ ਕੰਪਨੀ ਆਪਣਾ ਕਾਰੋਬਾਰ ਵੇਚ ਨਹੀਂ ਸਕੀ ਤਾਂ ਅਮਰੀਕਾ ਵਿਚ ਟਿਕਟਾਕ ‘ਤੇ ਪਾਬੰਦੀ ਲੱਗ ਸਕਦੀ ਹੈ। ਹਾਲਾਂਕਿ ਪਾਬੰਦੀ ਤੋਂ ਬਚਣ ਲਈ ਬਾਈਟਡਾਂਸ ਨੇ ਕਾਨੂੰਨੀ ਲੜਾਈ ਵੀ ਸ਼ੁਰੂ ਕਰ ਦਿੱਤੀ ਹੈ। ਦੱਸਣਯੋਗ ਹੈ ਕਿ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਪਿਛਲੇ ਛੇ ਅਗਸਤ ਨੂੰ ਟਿਕਟਾਕ ਨੂੰ ਪਾਬੰਦੀਸ਼ੁਦਾ ਕਰਨ ਵਾਲੇ ਇਕ ਕਾਰਜਕਾਰੀ ਆਦੇਸ਼ ‘ਤੇ ਦਸਤਖ਼ਤ ਕੀਤੇ ਸਨ। ਇਸ ਪਿੱਛੋਂ ਉਨ੍ਹਾਂ ਨੇ ਇਕ ਹੋਰ ਆਦੇਸ਼ ‘ਤੇ ਦਸਤਖ਼ਤ ਕੀਤੇ ਸਨ। ਇਸ ਵਿਚ ਟਿਕਟਾਕ ਨੂੰ 90 ਦਿਨਾਂ ਅੰਦਰ ਆਪਣਾ ਕਾਰੋਬਾਰ ਵੇਚਣ ਜਾਂ ਅਮਰੀਕਾ ਤੋਂ ਆਪਣਾ ਬੋਰੀਆ-ਬਿਸਤਰ ਸਮੇਟਣ ਨੂੰ ਕਿਹਾ ਗਿਆ ਸੀ। ਟਰੰਪ ਪ੍ਰਸ਼ਾਸਨ ਨੇ ਇਹ ਦੋਸ਼ ਲਗਾਇਆ ਸੀ ਕਿ ਟਿਕਟਾਕ ਰਾਹੀਂ ਚੀਨ ਅਮਰੀਕੀ ਨਾਗਰਿਕਾਂ ਦੇ ਡਾਟਾ ਵਿਚ ਸੰਨ੍ਹ ਲਗਾ ਸਕਦਾ ਹੈ। ਹਾਲਾਂਕਿ ਚੀਨ ਅਤੇ ਟਿਕਟਾਕ ਨੇ ਇਸ ਤੋਂ ਇਨਕਾਰ ਕੀਤਾ ਸੀ।