ਭਾਰਤੀ ਹਾਕੀ ਟੀਮ ਨੇ ਟੋਕੀਓ ਓਲੰਪਿਕ ’ਚ ਜ਼ੋਰਦਾਰ ਵਾਪਸੀ ਕਰਦੇ ਹੋਏ ਤੀਜੇ ਮੁਕਾਬਲੇ ’ਚ ਸਪੇਨ ਦੀ ਟੀਮ ਖ਼ਿਲਾਫ਼ ਇਕਤਰਫਾ ਜਿੱਤ ਹਾਸਿਲ ਕੀਤੀ ਹੈ। ਭਾਰਤ ਨੂੰ ਆਸਟ੍ਰੇਲੀਆ ਖ਼ਿਲਾਫ ਮਿਲੀ ਹਾਰ ਤੋਂ ਉਬਰਦੇ ਹੋਏ ਸਪੇਨ ਖ਼ਿਲਾਫ਼ 3-0 ਦੀ ਦਮਦਾਰ ਜਿੱਤ ਹਾਸਿਲ ਕੀਤੀ।
ਮੰਗਲਵਾਰ ਨੂੰ ਟੋਕੀਓ ਓਲੰਪਿਕ ਦੇ ਆਪਣੇ ਤੀਜੇ ਮੁਕਾਬਲੇ ’ਚ ਖੇਡਣ ਉੱਤਰੀ ਭਾਰਤੀ ਟੀਮ ਨੇ ਸਪੇਨ ਖ਼ਿਲਾਫ਼ ਸ਼ੁਰੂਆਤ ਤੋਂ ਹੀ ਸ਼ਾਨਦਾਰ ਖੇਡ ਦਿਖਾਇਆ। ਮੈਚ ਦੇ 14ਵੇਂ ਮਿੰਟ ’ਚ ਹੀ ਬਟਾਲਾ ਦੇ ਨੇੜੇ ਪੈਂਦੇ ਪਿੰਡ ਚਾਹਲਕਲਾਂ ਦੇ ਸਿਮਰਨਜੀਤ ਸਿੰਘ ਨੇ ਗੋਲ ਕਰ ਕੇ ਭਾਰਤ ਨੂੰ ਵੱਡੀ ਦਿਵਾਈ ਤੇ ਭਾਰਤ ਟੀਮ ਨੇ ਸਪੇਨ ਖ਼ਿਲਾਫ਼ 3-0 ਦੀ ਜਿੱਤ ਹਾਸਿਲ ਕੀਤੀ।
ਉੱਥੇ ਹੀ ਖਿਡਾਰੀ ਸਿਮਰਨਜੀਤ ਸਿੰਘ ਦੇ ਪਰਿਵਾਰਕ ਮੈਂਬਰਾਂ ’ਚ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਹੈ। ਯੂਪੀ ’ਚ ਰਹਿਣ ਗਏ ਖਿਡਾਰੀ ਸਿਮਰਨਜੀਤ ਸਿੰਘ ਦੇ ਮਾਤਾ ਮਨਜੀਤ ਕੌਰ ਤੇ ਪਿਤਾ ਇਕਬਾਲ ਸਿੰਘ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਨੇ ਆਪਣੀ ਖੁਸ਼ੀ ਨੂੰ ਜ਼ਾਹਿਰ ਕਰਦੇ ਹੋਏ ਦੱਸਿਆ ਕਿ ਜਦੋਂ ਉਨ੍ਹਾਂ ਨੂੰ ਪਤਾ ਲੱਗਾ ਕਿ ਭਾਰਤ ਦੀ ਟੀਮ ਜਿੱਤ ਗਈ ਹੈ ਤੇ ਉਨ੍ਹਾਂ ਦੇ ਬੇਟੇ ਸਿਮਰਨਜੀਤ ਸਿੰਘ ਨੇ ਸਪੇਨ ਖ਼ਿਲਾਫ਼ ਇਕ ਗੋਲ ਕੀਤੀ ਹੈ ਤਾਂ ਉਨ੍ਹਾਂ ਨੂੰ ਬਹੁਤ ਖ਼ੁਸ਼ੀ ਹੋਈ। ਦੱਸਿਆ ਕਿ ਉਨ੍ਹਾਂ ਦੇ ਬੇਟੇ ਤੇ ਭਾਰਤ ਦੀ ਟੀਮ ਨੇ ਪੂਰੇ ਭਾਰਤ ਦਾ ਨਾਂ ਰੋਸ਼ਨ ਕੀਤਾ ਹੈ ਤੇ ਅੱਗੇ ਵੀ ਨਾਂ ਰੋਸ਼ਨ ਕਰਦੇ ਰਹਿਣਗੇ।
ਪਿੰਡ ਚਾਹਲਕਲਾਂ ’ਚ ਰਹਿ ਰਹੇ ਸਿਮਰਨਜੀਤ ਸਿੰਘ ਦੇ ਤਾਏ ਦੇ ਬੇਟੇ ਸਤਿੰਦਰ ਸਿੰਘ ਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੇ ਖੁਸ਼ੀ ਜ਼ਾਹਿਰ ਕਰਦੇ ਹੋਏ ਦੱਸਿਆ ਕਿ ਉਨ੍ਹਾਂ ਦੇ ਰਿਸ਼ਤੇਦਾਰਾਂ ਤੇ ਗੁਆਂਢੀਆਂ ਦੇ ਬਹੁਤ ਸਾਰੇ ਫੋਨ ਆ ਰਹੇ ਹਨ ਉਹ ਉਨ੍ਹਾਂ ਨੇ ਵਧਾਈ ਦੇ ਰਹੇ ਹਨ। ਉਨ੍ਹਾਂ ਲਈ ਬਹੁਤ ਮਾਣ ਵਾਲੀ ਗੱਲ ਹੈ। ਉੱਥੇ ਹੀ ਸਿਮਰਨਜੀਤ ਸਿੰਘ ਦੇ ਪਰਿਵਾਰ ਨੇ ਇਕ-ਦੂਜੇ ਨੂੰ ਮਿਠਾਈ ਵੰਡ ਕੇ ਜਿੱਤ ਦੀ ਖੁਸ਼ੀ ਦਾ ਜਸ਼ਨ ਵੀ ਮਨਾਇਆ ਤੇ ਪੂਰਾ ਭਾਰਤ ਟੀਮ ਨੂੰ ਵਧਾਈ ਦੇ ਰਿਹਾ ਹੈ।