ਭਾਰਤ ਦੀ ਮਹਿਲਾ ਸਟਾਰ ਬੈਡਮਿੰਟਨ ਖਿਡਾਰਨ ਪੀਵੀ ਸਿੰਧੂ ਨੇ ਮੁਕਾਬਲੇ ’ਚ ਚੀਨ ਦੀ ਬਿੰਗਜਿਆਓ ਨੂੰ ਹਰਾ ਕਾ ਕਾਂਸੀ ਤਗਮਾ ਆਪਣੇ ਨਾਂ ਕੀਤਾ। ਪੀਵੀ ਸਿੰਧੂ ਨੇ ਟੋਕੀਓ ਓਲੰਪਿਕ 2020 ’ਚ ਭਾਰਤ ਲਈ ਦੂਜਾ ਮੈਡਲ ਜਿੱਤਿਆ। ਰੀਓ ਓਲੰਪਿਕ ’ਚ ਚਾਂਦੀ ਜਿੱਤਣ ਵਾਲੀ ਪੀਵੀ ਸਿੰਧੂ ਨੂੰ ਸੈਮੀਫਾਈਨਲ ਮੁਕਾਬਲੇ ’ਚ ਚੀਨੀ ਤਾਈਪੇ ਤਾਈ ਜੁ ਯਿੰਗ ਤੋਂ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਅਤੇ ਉਹ ਫਾਈਨਲ ’ਚ ਪਹੁੰਚਣ ਤੋਂ ਉੱਕ ਗਈ ਸੀ, ਪਰ ਕਾਂਸੀ ਤਗਮੇ ਲਈ ਖੇਡੇ ਗਏ ਮੁਕਾਬਲੇ ’ਚ ਉਸ ਨੇ ਜਿੱਤ ਹਾਸਲ ਕਰ ਕੇ ਭਾਰਤ ਦਾ ਸਿਰ ਮਾਣ ਨਾਲ ਉੱਚਾ ਕਰ ਦਿੱਤਾ।
ਵੇਟਲਿਫਟਰ ਮੀਰਾਬਾਈ ਚਾਨੂੰ ਤੋਂ ਬਾਅਦ ਉਹ ਟੋਕੀਓ ਓਲੰਪਿਕ ’ਚ ਭਾਰਤ ਲਈ ਦੂਜਾ ਮੈਡਲ ਜਿੱਤਣ ਵਾਲੀ ਖਿਡਾਰਨ ਬਣੀ।ਪੀਵੀ ਸਿੰਧੂ ਦਾ ਓਲੰਪਿਕ ’ਚ ਇਹ ਦੂਜਾ ਮੈਡਲ ਹੈ। ਭਾਰਤ ਲਈ ਬੈਡਮਿੰਟਨ ’ਚ ਦੋ-ਦੁ ਤਗਮੇ ਜਿੱਤਣ ਵਾਲੇ ਉਹ ਇਕੋ-ਇਕ ਮਹਿਲਾ ਖਿਡਾਰਨ ਬਣੀ ਅਤੇ ਇਤਿਹਾਸ ਰਚ ਦਿੱਤਾ। ਇਹੀ ਨਹੀਂ, ਭਾਰਤ ਲਈ ਕਿਸੇ ਵੀ ਖੇਡ ’ਚ ਵੁਹ ਦੋ-ਦੋ ਤਗਮੇ ਜਿੱਤਣ ਵਾਲੀ ਪਹਿਲੀ ਭਾਰਤੀ ਮਹਿਲਾ ਅਥਲੀਟ ਵੀ ਬਣ ਗਈ ਹੈ। ਕਾਂਸੀ ਤਗਮੇ ਲਈ ਹੋਏ ਮੁਕਾਬਲੇ ’ਚ ਪੀਵੀ ਸਿੰਧੂ ਨੇ ਵਿਰੋਧੀ ਖਿਡਾਰਨ ਬਿੰਗਜਿਆਓ ਨੂੰ ਪਹਿਲੀ ਸੈੱਟ ’ਚ 21-13 ਨਾਲ ਹਰਾਇਆ। ਇਸ ਤੋਂ ਬਅਦ ਸਿੰਧੂ ਨੇ ਦੂਜੇ ਸੈੱਟ ਨੂੰ ਵੀ ਥੋੜ੍ਹੇ ਸੰਘਰਸ਼ ਤੋਂ ਬਾਅਦ 21-15 ਨਾਲ ਆਪਣੇ ਨਾਂ ਕਰ ਲਿਆ। ਟੋਕੀਓ ਓਲੰਪਿਕ ’ਚ ਸਿੰਧੂ ਦਾ ਸਫ਼ਰ ਕਾਫ਼ੀ ਸ਼ਾਨਦਾਰ ਰਿਹਾ। ਉਸ ਨੇ ਸ਼ੁਰੂਆਤ ਤੋਂ ਜਿੱਤ ਦੀ ਲੈਅ ਬਰਕਰਾਰ ਰੱਖੀ ਸੀ। ਹਾਲਾਂਕਿ, ਸੈਮੀਫਾਈਨਲ ’ਚ ਸਿਰਫ਼ ਇਕ ਹਾਰ ਮਿਲੀ ਸੀ, ਪਰ ਉਸ ਨੇ ਫਿਰ ਵਾਪਸੀ ਕੀਤੀ ਅਤੇ ਦੇਸ਼ ਲਈ ਤਗਮਾ ਜਿੱਤ ਲਿਆ।
ਇਸ ਮੁਕਾਬਲੇ ’ਚ ਪੀਵੀ ਸਿੰਧੂ ਪੂਰੀ ਤਰ੍ਹਾਂ ਆਪਣੀ ਵਿਰੋਧੀ ਚੀਨ ਦੀ ਬਿੰਗਜਿਆਓ ’ਤੇ ਭਾਰੂ ਰਹੀ। ਹਾਲਾਂਕਿ, ਉਸ ਨੇ ਕੁਝ ਗਲਤੀਆਂ ਕੀਤੀਆਂ, ਜਿਸ ਕਾਰਨ ਉਸ ਨੂੰ ਅੰਕ ਗੁਆਉਣੇ ਪਏ, ਪਰ ਆਖ਼ਰਕਾਰ ਉਸ ਨੂੰ ਜਿੱਤ ਮਿਲੀ। ਪਹਿਲੇ ਸੈੱਟ ’ਚ ਵੀ ਇਕ ਸਮੇਂ ਸਕੋਰ 6-6 ਦੀ ਬਰਾਬਰੀ ’ਤੇ ਆ ਗਿਆ ਸੀ ਤਾਂ ਦੂਜੇ ਸੈੱਟ ’ਚ ਵੀ ਇਕ ਵਾਰ ਸਕੋਰ ਬਰਾਬਰੀ ’ਤੇ ਆ ਗਿਆ ਸੀ ਅਤੇ ਸਾਰਿਆਂ ਦੇ ਸਾਹ ਰੁਕ ਗਏ ਸਨ, ਪਰ ਫਿਰ ਸਿੰਧੂ ਨੇ ਵਾਪਸੀ ਕਰਦੇ ਹੋਏ ਧਮਾਕੇਦਾਰ ਅੰਦਾਜ਼ ’ਚ ਜਿੱਤ ਦਰਜ ਕਰ ਲਈ।
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਟੋਕੀਓ ਓਲੰਪਿਕ ’ਚ ਕਾਂਸੀ ਤਗਮਾ ਜਿੱਤਣ ’ਤੇ ਪੀਵੀ ਸਿੰਧੂ ਨੂੰ ਵਧਾਈ ਦਿੱਤੀ। ਉਨ੍ਹਾਂ ਨੇ ਇਹ ਵਧਾਈ ਟਵੀਟ ਕਰ ਕੇ ਦਿੱਤੀ ਹੈ।