Tokyo Olmpics 2020 : ਮਹਿਲਾ ਹਾਕੀ ਬ੍ਰੋਨਜ਼ ਮੈਡਲ ਮੈਚ ‘ਚ ਬ੍ਰਿਟੇਨ ਦੇ ਨਾਲ ਕਾਂਟੇ ਦੀ ਟੱਕਰ ‘ਚ 4-3 ਤੋਂ ਮਿਲੀ ਹਾਰ ਨਾਲ ਮੈਚ ‘ਚ ਦੋ ਗੋਲ ਕਰਨ ਵਾਲੀ ਗੁਰਜੀਤ ਕੌਰ ਦੇ ਪਰਿਵਾਰ ਬੇਸ਼ੱਕ ਨਿਰਾਸ਼ ਹੈ ਪਰ ਹਾਰਨ ਦਾ ਦੁੱਖ ਨਹੀਂ ਹੈ। ਭਾਈ ਗੁਰਚਰਨ ਸਿੰਘ ਨੇ ਕਿਹਾ ਕਿ ਹਾਰ-ਜਿੱਤ ਪਰਮਾਤਮਾ ਦੇ ਹੱਥ ਹੁੰਦੀ ਹੈ। ਉਨ੍ਹਾਂ ਨੂੰ ਖੁਸ਼ੀ ਹੈ ਕਿ ਗੁਰਜੀਤ ਨੇ ਲੀਗ ਮੈਚਾਂ ਤੋਂ ਲੈ ਕੇ ਕੁਆਰਟਰ ਫਾਈਨਲ ਤੇ ਸੈਮੀਫਾਈਨਲ ਤੋਂ ਬਾਅਦ ਹੁਣ ਬ੍ਰੋਨਜ਼ ਮੈਡਲ ਮੈਚ ‘ਚ ਆਪਣਾ ਹੁਨਰ ਦਿਖਾਇਆ ਹੈ। ਗੁਰਜੀਤ ਕੌਰ ਦੀ ਦਾਦੀ ਦਰਸ਼ਨ ਕੌਰ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਆਪਣੀ ਪੋਤੀ ‘ਤੇ ਮਾਣ ਮਹਿਸੂਸ ਹੁੰਦਾ ਹੈ ਕਿਉਂਕਿ ਉਨ੍ਹਾਂ ਦੀ ਪੋਤੀ ਨੇ ਆਪਣੇ ਬਾਪ-ਦਾਦਿਆਂ ਦਾ ਨਾਂ ਰੋਸ਼ਨ ਕੀਤਾ ਹੈ। ਪਰਮਾਤਮਾ ਤੋਂ ਅਰਦਾਸ ਕਰਦੇ ਹਾਂ ਕਿ ਗੁਰਜੀਤ ਕੌਰ ਦੀ ਤਰ੍ਹਾਂ ਨਾਂ ਰੋਸ਼ਨ ਕਰਨ ਵਾਲੀ ਧੀ ਹਰ ਪਰਿਵਾਰ ‘ਚ ਹੋਣੀ ਚਾਹੀਦੀ ਹੈ।
ਭਾਰਤੀ ਮਹਿਲਾ ਹਾਕੀ ਟੀਮ ਦੇ ਗ੍ਰੇਟ ਬ੍ਰਿਟੇਨ ਦੇ ਨਾਲ ਚੱਲ ਰਹੇ ਮੈਚ ਨੂੰ ਦੇਖਣ ਲਈ ਗੁਰਜੀਤ ਕੌਰ ਦੇ ਘਰ ਸਵੇਰ ਤੋਂ ਹੀ ਲੋਕਾਂ ਦੀ ਭੀੜ ਜਮ੍ਹਾਂ ਹੋ ਗਈ ਸੀ। ਮੈਚ ਦੇ ਤੀਸਰੇ ਕੁਆਰਟਰ ਤਕ ਦੋਵੇਂ ਹੀ ਟੀਮਾਂ ਕਾਂਟੇ ਦੀ ਟਿੱਕਰ ਦੇ ਕੇ ਬਰਾਬਰੀ ‘ਤੇ ਚੱਲਦੀਆਂ ਰਹੀਆਂ। ਮੈਚ ਦੇਖ ਰਹੇ ਸਾਰੇ ਖੇਡ ਪ੍ਰੇਮੀ ਤੇ ਦੇਸ਼ਵਾਸੀਆਂ ‘ਚ ਉਮੀਦ ਸੀ ਕਿ ਚੌਥੇ ਕੁਆਰਟਰ ‘ਚ ਭਾਰਤੀ ਟੀਮ ਡੂ ਐਂਡ ਡਾਈ ਵਾਲੀ ਰਣਨੀਤੀ ਅਪਣਾਉਂਦੇ ਹੋਏ ਇਤਿਹਾਸ ਸਿਰਜੇਗੀ ਪਰ ਕੁਆਰਟਰ-4 ‘ਚ ਗ੍ਰੇਟ ਬ੍ਰਿਟੇਨ ਨੇ 4-3 ਨਾਲ ਅੱਗੇ ਹੋ ਕੇ ਮੈਚ ‘ਤੇ ਕਬਜ਼ਾ ਕੀਤਾ।
ਪਹਿਲੇ ਕੁਆਰਟਰ ‘ਚ ਭਾਰਤੀ ਮਹਿਲਾ ਹਾਕੀ ਟੀਮ ਨੇ 02 ਨਾਲ ਪੱਛੜਣ ਤੋਂ ਬਾਅਦ ਗ੍ਰੇਟ ਬ੍ਰਿਟੇਨ ਨੂੰ ਕਰਾਰਾ ਜਵਾਬ ਦਿੱਤਾ ਸੀ। ਬ੍ਰੌਨਜ਼ ਮੈਡਲ ਮੈਚ ‘ਚ ਟੀਮ ਦੀ ਅਗਵਾਈ ਵਾਲੀ ਭਾਰਤੀ ਟੀਮ ਤੋਂ ਗੁਰਜੀਤ ਕੌਰ ਨੇ ਦੋ ਜਦਕਿ ਵੰਦਨਾ ਕਟਾਰੀਆ ਨੇ ਇਕ ਗੋਲ ਦਾਗ ਕੇ 3-3 ਦੀ ਬਰਾਬਰੀ ਕੀਤੀ। ਵੰਦਨਾ ਕਟਾਰੀਆ ਨੇ ਦੂਸਰੇ ਕੁਆਰਟ ਦੇ ਖ਼ਤਮ ਹੋਣ ਤੋਂ ਡੇਢ ਮਿੰਟ ਪਹਿਲਾਂ ਸ਼ਾਨਦਾਰ ਗੋਲ ਕਰ ਕੇ ਭਾਰਤ ਨੂੰ 3-2 ਨਾਲ ਬੜ੍ਹਤ ਦਿਵਾਈ ਸੀ।