ਦੇਸ਼ ‘ਚ ਟਮਾਟਰ ਦੀਆਂ ਕੀਮਤਾਂ ਘਟਾਉਣ ਲਈ ਸਰਕਾਰ ਨੇ ਵੱਡਾ ਕਦਮ ਚੁੱਕਿਆ ਹੈ। ਕੇਂਦਰ ਸਰਕਾਰ ਨੇ ਬੁੱਧਵਾਰ ਨੂੰ ਸਹਿਕਾਰੀ ਸਭਾਵਾਂ ਨੈਫੇਡ (Nafed) ਤੇ ਐਨਸੀਸੀਐਫ (NCCF) ਨੂੰ ਆਂਧਰਾ ਪ੍ਰਦੇਸ਼, ਕਰਨਾਟਕ ਤੇ ਮਹਾਰਾਸ਼ਟਰ ਤੋਂ ਟਮਾਟਰ ਦੀ ਖਰੀਦਣ ਦਾ ਨਿਰਦੇਸ਼ ਦਿੱਤਾ ਹੈ।
ਇਹ ਟਮਾਟਰ ਵੱਡੇ ਖਪਤ ਕੇਂਦਰਾਂ ‘ਚ ਵੰਡੇ ਜਾਣਗੇ ਜਿੱਥੇ ਪਿਛਲੇ ਇਕ ਮਹੀਨੇ ‘ਚ ਪ੍ਰਚੂਨ ਕੀਮਤਾਂ ‘ਚ ਸਭ ਤੋਂ ਵੱਧ ਵਾਧਾ ਦਰਜ ਕੀਤਾ ਗਿਆ ਹੈ। ਖਪਤਕਾਰ ਮਾਮਲਿਆਂ ਦੇ ਮੰਤਰਾਲੇ ਨੇ ਇਕ ਬਿਆਨ ਵਿਚ ਕਿਹਾ ਕਿ ਟਮਾਟਰ ਦਾ ਸਟਾਕ 14 ਜੁਲਾਈ ਯਾਨੀ ਸ਼ੁੱਕਰਵਾਰ ਤੋਂ ਦਿੱਲੀ-ਐਨਸੀਆਰ ਖੇਤਰ ‘ਚ ਖਪਤਕਾਰਾਂ ਨੂੰ ਸਬਸਿਡੀ ਵਾਲੀਆਂ ਕੀਮਤਾਂ ‘ਤੇ ਪ੍ਰਚੂਨ ਦੁਕਾਨਾਂ ਰਾਹੀਂ ਵੰਡਿਆ ਜਾਵੇਗਾ।
200 ਰੁਪਏ ਪ੍ਰਤੀ ਕਿਲੋ ਤਕ ਵਧ ਗਈਆਂ ਹਨ ਕੀਮਤਾਂ
ਦੇਸ਼ ‘ਚ ਭਾਰੀ ਮੀਂਹ ਕਾਰਨ ਸਪਲਾਈ ‘ਚ ਵਿਘਨ ਪੈਣ ਕਾਰਨ ਦੇਸ਼ ਦੇ ਕਈ ਹਿੱਸਿਆਂ ‘ਚ ਟਮਾਟਰ ਦੀ ਪ੍ਰਚੂਨ ਕੀਮਤ 200 ਰੁਪਏ ਪ੍ਰਤੀ ਕਿਲੋਗ੍ਰਾਮ ਤਕ ਪਹੁੰਚ ਗਈ ਹੈ। ਤੁਹਾਨੂੰ ਦੱਸ ਦੇਈਏ ਕਿ ਟਮਾਟਰ ਦੀ ਖਰੀਦ ਦਾ ਕੰਮ ਨੈਸ਼ਨਲ ਐਗਰੀਕਲਚਰਲ ਕੋਆਪ੍ਰੇਟਿਵ ਮਾਰਕੀਟਿੰਗ ਫੈਡਰੇਸ਼ਨ (NAFED) ਤੇ ਨੈਸ਼ਨਲ ਕੋਆਪਰੇਟਿਵ ਕੰਜ਼ਿਊਮਰ ਫੈਡਰੇਸ਼ਨ (NCCF) ਕਰਨਗੇ।
ਇਨ੍ਹਾਂ ਮਹੀਨਿਆਂ ‘ਚ ਘੱਟ ਹੁੰਦੀ ਹੈ ਟਮਾਟਰ ਦੀ ਪੈਦਾਵਾਰ – ਸਰਕਾਰ
ਖਪਤਕਾਰ ਮਾਮਲਿਆਂ ਦੇ ਮੰਤਰਾਲੇ ਨੇ ਦੱਸਿਆ ਕਿ ਜੁਲਾਈ-ਅਗਸਤ ਅਤੇ ਅਕਤੂਬਰ-ਨਵੰਬਰ ਦੀ ਮਿਆਦ ਆਮ ਤੌਰ ‘ਤੇ ਟਮਾਟਰਾਂ ਲਈ ਘੱਟ ਉਤਪਾਦਨ ਦੇ ਮਹੀਨੇ ਹੁੰਦੇ ਹਨ। ਜੁਲਾਈ ਦੇ ਮਹੀਨੇ ਵਿੱਚ ਮੌਨਸੂਨ ਕਾਰਨ, ਵੰਡ ਚੁਣੌਤੀਆਂ ਵਧਦੀਆਂ ਹਨ ਤੇ ਕੀਮਤਾਂ ‘ਚ ਵਾਧਾ ਹੁੰਦਾ ਹੈ।
ਹੁਣ ਕਿੱਥੋਂ ਹੋ ਰਹੀ ਹੈ ਟਮਾਟਰ ਦੀ ਸਪਲਾਈ ?
ਵਰਤਮਾਨ ‘ਚ ਗੁਜਰਾਤ, ਮੱਧ ਪ੍ਰਦੇਸ਼ ਤੇ ਕੁਝ ਹੋਰ ਸੂਬਿਆਂ ਦੇ ਬਾਜ਼ਾਰਾਂ ‘ਚ ਆਉਣ ਵਾਲੀ ਸਪਲਾਈ ਜ਼ਿਆਦਾਤਰ ਮਹਾਰਾਸ਼ਟਰ, ਖਾਸ ਕਰਕੇ ਸਤਾਰਾ, ਨਾਰਾਇਣਗਾਂਵ ਤੇ ਨਾਸਿਕ ਤੋਂ ਹੁੰਦੀ ਹੈ ਜੋ ਕਿ ਇਸ ਮਹੀਨੇ ਦੇ ਅੰਤ ਤਕ ਰਹਿਣ ਦੀ ਉਮੀਦ ਹੈ। ਆਂਧਰਾ ਪ੍ਰਦੇਸ਼ ਦੇ ਮਦਨਪੱਲੇ (ਚਿਤੂਰ) ਵਿਖੇ ਵੀ ਲੋੜੀਂਦੀ ਸਪਲਾਈ ਚਾਲੂ ਹੈ।
ਜਦੋਂ ਕਿ ਦਿੱਲੀ-ਐਨਸੀਆਰ ‘ਚ ਟਮਾਟਰ ਮੁੱਖ ਤੌਰ ‘ਤੇ ਹਿਮਾਚਲ ਪ੍ਰਦੇਸ਼ ਤੋਂ ਆਉਂਦੇ ਹਨ ਤੇ ਕੁਝ ਮਾਤਰਾ ਕਰਨਾਟਕ ਦੇ ਕੋਲਾਰ ਤੋਂ ਆਉਂਦੀ ਹੈ।