ਅਮਰੀਕੀ ਰਾਸ਼ਟਰਪਤੀ ਜੋ ਬਾਇਡਨ ਨੇ ਦੇਸ਼ ’ਚ ਵਧਦੇ ਕੋਰੋਨਾ ਸੰਕ੍ਰਮਣ ਦੇ ਮਾਮਲਿਆਂ ਦੇ ਮੱਦੇਨਜ਼ਰ ਜ਼ਿਆਦਾਤਰ ਗ਼ੈਰ ਅਮਰੀਕੀ ਲੋਕਾਂ ਦੇ ਅਮਰੀਕਾ ’ਚ ਆਉਣ ’ਤੇ ਪਾਬੰਦੀ ਲਾ ਦਿੱਤੀ ਹੈ। ਅਜਿਹਾ ਫ਼ੈਸਲਾ ਉਨ੍ਹਾਂ ਨੇ ਅਫਰੀਕਾ ’ਚ ਪਾਏ ਗਏ ਕੋਰੋਨਾ ਵਾਇਰਸ ਦੇ ਨਵੇਂ ਸਟ੍ਰੇਨ ਤੇ ਉਸ ਦੇ ਲਗਾਤਾਰ ਵਧਦੇ ਮਾਮਲਿਆਂ ਨੂੰ ਧਿਆਨ ’ਚ ਰੱਖ ਕੇ ਕੀਤਾ ਹੈ।
ਇਸ ਦੀ ਜਾਣਕਾਰੀ ਅਮਰੀਕਾ ਦੇ ਪਬਲਿਕ ਹੈਲਥ ਅਧਿਕਾਰੀ ਨੇ ਦਿੱਤੀ ਹੈ। ਇਸ ਤੋਂ ਇਲਾਵਾ ਉਨ੍ਹਾਂ ਨੇ ਮੰਗਲਵਾਰ ਨੂੰ ਬ੍ਰਾਜ਼ੀਲ, ਆਇਰਲੈਂਡ ਤੇ ਬਿ੍ਰਟੇਨ ਸਮੇਤ ਯੂਰਪ ਦੇ 26 ਦੇਸ਼ਾਂ ਤੋਂ ਆਉਣ ਵਾਲੇ ਗ਼ੈਰ ਅਮਰੀਕੀਆਂ ਦੇ ਵੀ ਦੇਸ਼ ’ਚ ਆਉਣ ’ਤੇ ਪਾਬੰਦੀ ਲਾਈ ਹੈ। ਸੀਸੀਡੀ ਦੇ ਪਿ੍ਰੰਸੀਪਲ ਡਿਪਟੀ ਡਾਇਰੈਕਟਰ ਡਾਕਟਰ ਏਨੀ ਸੂਚੇਟ ਨੇ ਇਕ ਇੰਟਰਵਿਊ ਦੌਰਾਨ ਦੱਸਿਆ ਕਿ ਰਾਸ਼ਟਰਪਤੀ ਨੇ ਆਪਣੇ ਹੁਕਮ ’ਚ ਦੱਖਣੀ ਅਫਰੀਕਾ ਨੂੰ ਵੀ ਜੋੜ ਦਿੱਤਾ ਹੈ। ਇਸ ਦੀ ਵਜ੍ਹਾ ਹੈ ਕਿ ਦੱਖਣੀ ਅਫਰੀਕਾ ’ਚ ਕੋਰੋਨਾ ਵਾਇਰਸ ਦੇ ਨਵੇਂ ਸਟ੍ਰੇਨ ਦੇ ਮਾਮਲੇ ਤੇਜ਼ੀ ਨਾਲ ਵਧ ਰਹੇ ਹਨ।
ਉਨ੍ਹਾਂ ਮੁਤਾਬਕ ਅਮਰੀਕਾ ਨੇ ਇਹ ਫ਼ੈਸਲਾ ਸਾਵਧਾਨੀ ਦੇ ਤੌਰ ’ਤੇ ਲਿਆ ਹੈ ਕਿਉਂ ਕਿ ਅਮਰੀਕਾ ਆਪਣੇ ਦੇਸ਼ਵਾਸੀਆਂ ਨੂੰ ਕੋਰੋਨਾ ਦੇ ਇਸ ਨਵੇਂ ਪ੍ਰਭਾਵ ਤੋਂ ਬਚਾਉਣਾ ਚਾਹੁੰਦਾ ਹੈ। ਇਸ ਨਾਲ ਹੀ ਉਹ ਅਮਰੀਕੀਆਂ ਨੂੰ ਇਸ ਖ਼ਤਰੇ ਤੋਂ ਦੂਰ ਰੱਖਣਾ ਚਾਹੁੰਦਾ ਹੈ।
ਜ਼ਿਕਰਯੋਗ ਹੈ ਕਿ ਇਸ ਤਰ੍ਹਾਂ ਦੀ ਪਾਬੰਦੀ ਨੂੰ ਹਟਾਇਆ ਗਿਆ ਸੀ ਪਰ ਰਾਸ਼ਟਰਪਤੀ ਬਾਇਡਨ ਨੇ ਇਸ ਨੂੰ ਦੋਬਾਰਾ ਲੱਗਾ ਦਿੱਤਾ ਹੈ। ਦੱਸਣਯੋਗ ਹੈ ਕਿ ਬਾਇਡਨ ਨੇ 20 ਜਨਵਰੀ ਨੂੰ ਅਮਰੀਕਾ ਦੀ ਸੱਤਾ ਸੰਭਾਲਣ ਦੇ ਤੁਰੰਤ ਬਾਅਦ ਹੀ ਕੋਰੋਨਾ ਵਾਇਰਸ ਖ਼ਿਲਾਫ਼ ਤੇਜ਼ੀ ਨਾਲ ਕੰਮ ਕਰਨ ਦਾ ਸੰਕਲਪ ਲਿਆ ਸੀ। ਉਨ੍ਹਾਂ ਦਾ ਕਹਿਣਾ ਹੈ ਕਿ ਦੇਸ਼ ਨੂੰ ਇਸ ਮਹਾਮਾਰੀ ਤੋਂ ਬਾਹਰ ਕੱਢਣ ਲਈ ਹੀ ਲੋਕਾਂ ਨੇ ਉਨ੍ਹਾਂ ਨੂੰ ਆਪਣਾ ਵੋਟ ਦਿੱਤਾ ਹੈ। ਲਿਹਾਜਾ ਅਜਿਹਾ ਕਰਨਾ ਉਨ੍ਹਾਂ ਦੀ ਪਹਿਲੀ ਜ਼ਿੰਮੇਵਾਰੀ ਹੈ।