ਆਸਟ੍ਰੇਲੀਆ ਦੇ ਡਾਰਵਿਨ (Darwin) ‘ਚ ਸ਼ਨਿਚਰਵਾਰ ਨੂੰ ਭਾਰਤ ਤੋਂ ਇਕ ਉਡਾਣ ਦੀ ਲੈਂਡਿੰਗ ਹੋਈ ਜਿਸ ‘ਚ 80 ਨਾਗਰਿਕ ਆਪਣੇ ਦੇਸ਼ ਵਾਪਸ ਪਹੁੰਚੇ। ਦਰਅਸਲ, ਕੋਰੋਨਾ ਦੀ ਦੂਜੀ ਲਹਿਰ ਦਾ ਕਹਿਰ ਦੇਖਦਿਆਂ ਆਸਟ੍ਰੇਲੀਆ ਦੀ ਸਰਕਾਰ ਨੇ ਆਪਣੇ ਨਾਗਰਿਕਾਂ ਸਮੇਤ ਭਾਰਤ ਤੋਂ ਆਉਣ ਵਾਲੀ ਸਾਰੀਆਂ ਉਡਾਣਾਂ ‘ਤੇ ਦੋ ਹਫ਼ਤੇ ਲਈ ਪਾਬੰਦੀ ਲਗਾ ਦਿੱਤੀ ਸੀ। ਇਸ ‘ਤੇ ਸਰਕਾਰ ਦੀ ਖ਼ੂਬ ਅਲੋਚਨਾ ਵੀ ਹੋਈ। ਭਾਰਤ ‘ਚ ਫਸੇ ਆਪਣੇ ਨਾਗਰਿਕਾਂ ਦੀ ਵਾਪਸੀ ਲਈ ਆਸਟ੍ਰੇਲੀਆ ਦੀ ਸਰਕਾਰ ਵੱਲੋਂ ਉਡਾਣਾਂ ਦੀ ਸ਼ੁਰੂਆਤ ਕੀਤੀ ਗਈ ਹੈ।ਸਥਾਨਕ ਸਮਾਂ ਮੁਤਾਬਿਕ ਸਵੇਰ ਦੇ 9 ਵਜੇ ਕੰਟਾਸ ਜੇਟ (Qantas jet) ਰਾਇਲ ਆਸਟ੍ਰੇਲਿਆ ਏਅਰਫੋਰਸ (RAAF) ਬੇਸ ‘ਤੇ ਉਤਰਿਆ। ਦੇਸ਼ ਵਾਪਸੀ ਲਈ ਪਹਿਲੀ ਉਡਾਣ ‘ਚ ਭਾਰਤ ‘ਚ ਰਹਿਣ ਵਾਲੇ 150 ਆਸਟ੍ਰੇਲਿਆਈ ਨਾਗਰਿਕਾਂ ਨੇ ਬੁਕਿੰਗ ਕਰਵਾਈ ਸੀ ਜਿਸ ‘ਚ ਕਰੀਬ ਅੱਧੇ ਯਾਤਰੀਆਂ ਦਾ ਕੋਰੋਨਾ ਟੈਸਟ ਪਾਜ਼ੇਟਿਵ ਆਇਆ ਤੇ ਉਨ੍ਹਾਂ ਨੇ ਆਪਣੇ ਦੇਸ਼ ਪਰਤਣ ਨੂੰ ਰੋਕ ਦਿੱਤਾ ਗਿਆ। ਭਾਰਤ ‘ਚ ਆਸਟ੍ਰੇਲੀਆ ਦੇ ਹਾਈ ਕਮਿਸ਼ਨਰ ਬੈਰੀ ਓ ਫਾਰੇਲ (Barry O’Farrell) ਨੇ ਦੱਸਿਆ, ‘ਸ਼ੁੱਕਰਵਾਰ ਨੂੰ ਭਾਰਤ ਤੋਂ ਆਸਟ੍ਰੇਲੀਆ ਜਾਣ ਵਾਲੀ ਪਹਿਲੀ ਉਡਾਣ ‘ਚ ਸਫਰ ਕਰਨ ਤੋਂ ਕਈ ਯਾਤਰੀਆਂ ਨੂੰ ਰੋਕ ਦਿੱਤਾ ਗਿਆ ਕਿਉਂਕਿ ਕੋਰੋਨਾ ਟੈਸਟ ‘ਚ ਉਹ ਇਨਫੈਕਟਿਡ ਪਾਏ ਗਏ। ਇਸ ‘ਚ ਕੁੱਲ 70 ਲੋਕਾਂ ਨੂੰ ਉਡਾਣ ‘ਚ ਸਵਾਰ ਹੋਣ ਤੋਂ ਰੋਕ ਦਿੱਤਾ ਗਿਆ। ਇਨ੍ਹਾਂ ‘ਚ 46 ਦਾ ਕੋਵਿਡ ਟੈਸਟ ਪਾਜ਼ੇਟਿਵ ਸੀ ਤੇ 24 ਲੋਕ ਉਨ੍ਹਾਂ ਦੇ ਸੰਪਰਕ ‘ਚ ਆਏ ਸਨ।