ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅਮਰੀਕੀ ਰਾਸ਼ਟਰਪਤੀ ਚੋਣਾਂ ‘ਚ ਇਤਿਹਾਸਕ ਜਿੱਤ ‘ਤੇ ਡੋਨਾਲਡ ਟਰੰਪ ਨੂੰ ਵਧਾਈ ਦਿੱਤੀ ਹੈ। ਅਗਲੇ ਸਾਲ ਅਗਸਤ 2025 ਵਿੱਚ ਭਾਰਤ ਵਿੱਚ ਕਵਾਡ ਸੰਮੇਲਨ ਹੋਣ ਜਾ ਰਿਹਾ ਹੈ। ਹਾਲਾਂਕਿ ਇਸ ਕਾਨਫਰੰਸ ਦੀ ਤਰੀਕ ਤੈਅ ਨਹੀਂ ਕੀਤੀ ਗਈ ਹੈ। ਅਜਿਹੇ ‘ਚ ਡੋਨਾਲਡ ਟਰੰਪ ਰਾਸ਼ਟਰਪਤੀ ਅਹੁਦੇ ਦੀ ਸਹੁੰ ਚੁੱਕਣ ਤੋਂ ਬਾਅਦ ਭਾਰਤ ਆ ਸਕਦੇ ਹਨ। ਟਰੰਪ ਨੇ ਆਪਣੇ ਪਹਿਲੇ ਕਾਰਜਕਾਲ ਦੇ ਆਖਰੀ ਸਾਲ 2020 ਵਿੱਚ ਭਾਰਤ ਦਾ ਦੌਰਾ ਕੀਤਾ ਸੀ।
ਜੈਪ੍ਰਕਾਸ਼ ਰੰਜਨ, ਨਵੀਂ ਦਿੱਲੀ : ਅਮਰੀਕੀ ਰਾਸ਼ਟਰਪਤੀ ਚੋਣਾਂ ਮੁੜ ਜਿੱਤਣ ਵਾਲੇ ਰਿਪਬਲਿਕਨ ਸਿਆਸਤਦਾਨ ਡੋਨਾਲਡ ਟਰੰਪ ਨੂੰ ਇਸ ਵਾਰ ਭਾਰਤ ਆਉਣ ਲਈ ਜ਼ਿਆਦਾ ਇੰਤਜ਼ਾਰ ਨਹੀਂ ਕਰਨਾ ਪਵੇਗਾ। ਕਵਾਡ (ਅਮਰੀਕਾ, ਆਸਟ੍ਰੇਲੀਆ, ਜਾਪਾਨ ਤੇ ਭਾਰਤ ਦਾ ਸੰਗਠਨ) ਦੇ ਸਿਖਰਲੇ ਆਗੂਆਂ ਦਾ ਅਗਲਾ ਸੰਮੇਲਨ ਭਾਰਤ ਵਿਚ ਹੋਣਾ ਹੈ। ਸ਼ਾਇਦ ਜੁਲਾਈ-ਅਗਸਤ, 2025 ਵਿਚ ਸਿਖਰ ਸੰਮੇਲਨ ਦੀ ਤਰੀਕ ਤੈਅ ਕੀਤੀ ਜਾ ਸਕਦੀ ਹੈ। ਜੇ ਸਭ ਕੁਝ ਠੀਕ ਰਿਹਾ ਤਾਂ ਇਹ ਪਹਿਲਾ ਮੌਕਾ ਹੋਵੇਗਾ ਜਦੋਂ ਸਾਲ ਦੇ ਅੰਦਰ ਕਿਸੇ ਅਮਰੀਕੀ ਰਾਸ਼ਟਰਪਤੀ ਨੇ ਭਾਰਤ ਦੀ ਯਾਤਰਾ ਕੀਤੀ ਹੋਵੇ।ਠੰਢੀ ਜੰਗ ਦੇ ਦੌਰ ਵਿਚ ਕੋਈ-ਕੋਈ ਅਮਰੀਕੀ ਰਾਸ਼ਟਰਪਤੀ ਭਾਰਤ ਦੀ ਯਾਤਰਾ ’ਤੇ ਆਉਂਦਾ ਸੀ ਪਰ ਹਾਲ ਹੀ ਦੇ ਕੁਝ ਸਾਲਾਂ ਦੌਰਾਨ ਪਿਛਲੇ ਸਾਰੇ ਪੰਜ ਅਮਰੀਕੀ ਰਾਸ਼ਟਰਪਤੀਆਂ ਨੇ ਭਾਰਤ ਦਾ ਦੌਰਾ ਕੀਤਾ ਹੈ। ਹਾਲੇ ਸਤੰਬਰ 2023 ਵਿਚ ਅਮਰੀਕੀ ਰਾਸ਼ਟਰਪਤੀ ਜੋ ਬਾਇਡਨ ਜੀ-20 ਸਿਖਰ ਸੰਮੇਲਨ ਵਿਚ ਹਿੱਸਾ ਲੈਣ ਲਈ ਨਵੀਂ ਦਿੱਲੀ ਆਏ ਸਨ।