Twitter ਨੂੰ ਭਾਰਤ ਦਾ ਗ਼ਲਤ ਨਕਸ਼ਾ ਦਿਖਾਉਣਾ ਭਾਰੀ ਪਿਆ ਹੈ। ਟਵਿੱਟਰ ਇੰਡੀਆ ਦੇ ਐੱਮਡੀ ਮਨੀਸ਼ ਮਹੇਸ਼ਵਰੀ ‘ਤੇ ਭਾਰਤ ਦਾ ਗ਼ਲਤ ਨਕਸ਼ਾ ਦਿਖਾਉਣ ਲਈ ਆਈਪੀਸੀ ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਗਿਆ ਹੈ। ਮਨੀਸ਼ ਮਹੇਸ਼ਵਰੀ ‘ਤੇ ਆਈਪੀਸੀ ਦੀ ਧਾਰਾ 505 (2) ਤੇ ਆਈਟੀ (ਸੋਧ) ਐਕਟ 2008 ਦੀ ਧਾਰਾ 74 ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਬਜਰੰਗ ਦਲ ਦੇ ਇਕ ਆਗੂ ਨੇ ਬੁਲੰਦਸ਼ਹਿਰ ‘ਚ ਸ਼ਿਕਾਇਤ ਦਰਜ ਕਰਵਾਈ ਸੀ। ਇਸ ਤੋਂ ਬਾਅਦ ਟਵਿੱਟਰ ‘ਤੇ Section 505 (#Section505) ਟ੍ਰੈਂਡ ਕਰ ਰਿਹਾ ਹੈ।
ਦੱਸ ਦੇਈਏ, ਸੋਮਵਾਰ ਨੂੰ Twitter ਨੇ ਦੁਨੀਆ ਦਾ ਇਕ ਨਕਸ਼ਾ ਜਾਰੀ ਕੀਤਾ ਸੀ, ਜਿਸ ਵਿਚ ਜੰਮੂ-ਕਸ਼ਮੀਰ ਤੇ ਲੱਦਾਖ ਨੂੰ ਭਾਰਤ ਦਾ ਹਿੱਸਾ ਨਹੀਂ ਦਿਖਾਇਆ ਸੀ। ਇਸ ਤੋਂ ਬਾਅਦ ਭਾਰਤ ਸਰਕਾਰ ਹਰਕਤ ਵਿਚ ਆਈ ਸੀ ਤੇ ਨੋਟਿਸ ਜਾਰੀ ਕੀਤਾ ਸੀ। ਹਾਲਾਂਕਿ ਰਾਤ ਹੁੰਦੇ-ਹੁੰਦੇ Twitter ਨੇ ਗ਼ਲਤ ਨਕਸ਼ਾ ਹਟਾ ਲਿਆ, ਪਰ ਕਿਹਾ ਜਾ ਰਿਹਾ ਹੈਕਿ ਭਾਰਤ ਸਰਕਾਰ ਹਾਲੇ ਵੀ ਵੱਡੀ ਕਾਰਵਾਈ ਦੇ ਮੂਡ ‘ਚ ਹੈ।
ਸੋਮਵਾਰ ਨੂੰ ਦੁਨੀਆ ਦਾ ਇਹ ਮਾਨਚਿੱਤਰ ਟਵਿੱਟਰ ਵੈੱਬਸਾਈਟ ਦੇ ‘ਕਰੀਅਰ’ ਹਿੱਸੇ ਤਹਿਤ ‘ਟਵੀਪ ਲਾਈਫ’ ਸਿਰਲੇਖ ਤਹਿਤ ਦਿਖਾਇਆ ਗਿਆ ਸੀ। ਗ਼ਲਤ ਨਕਸ਼ਾ ਦਿਖਾਉਣ ‘ਤੇ ਹੰਗਾਮਾ ਹੋਇਆ ਤਾਂ ਰਾਤ ਹੁੰਦੇ-ਹੁੰਦੇ ਗ਼ਲਤ ਨਕਸ਼ਾ ਵੈੱਬਪੇਜ ਤੋਂ ਪੂਰੀ ਤਰ੍ਹਾਂ ਹਟਾ ਦਿੱਤਾ ਗਿਆ ਹੈ। ਇਸ ਦੌਰਾਨ ਯੂਜ਼ਰਜ਼ ‘ਚ ਭਾਰੀ ਗੁੱਸਾ ਨਜ਼ਰ ਆਇਆ ਤੇ ਲੋਕ ਮਾਈਕ੍ਰੋਬਲੌਗਿੰਗ ਪਲੇਟਫਾਰਮ ਖਿਲਾਫ ਸਖ਼ਤ ਕਾਰਵਾਈ ਦੀ ਮੰਗ ਕਰਨ ਲੱਗੇ।ਨਵੇਂ ਆਈਟੀ ਨਿਯਮਾਂ ਨੂੰ ਲੈ ਕੇ ਭਾਰਤ ਸਰਕਾਰ ਤੇ ਟਵਿੱਟਰ ਵਿਚਕਾਰ ਪਹਿਲਾਂ ਹੀ ਰੇੜਕਾ ਚੱਲ ਰਿਹਾ ਹੈ। ਅਜਿਹੇ ਵਿਚ ਫਟਿਆ ਨਕਸ਼ਾ ਜਾਰੀ ਕਰ ਕੇ ਟਵਿੱਟਰ ਨੇ ਅੱਗ ਵਿਚ ਘਿਉ ਪਾਉਣ ਦਾ ਕੰਮ ਕੀਤਾ ਹੈ। ਸਰਕਾਰ ਦੇ ਨਾਲ ਹੀ ਲੋਕਾਂ ‘ਚ ਮਾਈਕ੍ਰੋਬਲੌਗਿੰਗ ਪਲੇਟਫਾਰਮ ਖਿਲਾਫ਼ ਗੁੱਸਾ ਹੈ ਤੇ ਸਖ਼ਤ ਕਾਰਵਾਈ ਦੀ ਮੰਗ ਉਠਾਈ ਗਈ ਹੈ। ਇਹ ਪਹਿਲੀ ਵਾਰ ਨਹੀਂ ਹੈ ਜਦੋਂ ਟਵਿੱਟਰ ਨੇ ਭਾਰਤ ਦੇ ਨਕਸ਼ੇ ਨੂੰ ਗ਼ਲਤ ਤਰੀਕੇ ਨਾਲ ਪੇਸ਼ ਕੀਤਾ ਹੈ। ਇਸ ਤੋਂ ਪਹਿਲਾਂ ਇਸਨੇ ਲੇਹ ਨੂੰ ਚੀਨ ਦਾ ਹਿੱਸਾ ਦਿਖਾਇਆ ਸੀ।