ਸੰਯੁਕਤ ਅਰਬ ਅਮੀਰਾਤ (UAE) ‘ਚ ਰਹਿਣ ਵਾਲੇ ਗੈਰ-ਮੁਸਲਮਾਨਾਂ ਨੂੰ ਹੁਣ ਵਿਆਹ, ਤਲਾਕ ਅਤੇ ਬੱਚਿਆਂ ਦੀ ਸਾਂਝੀ ਦੇਖਭਾਲ ਦਾ ਅਧਿਕਾਰ ਹੋਵੇਗਾ। ਐਤਵਾਰ ਨੂੰ ਲਾਗੂ ਹੋਏ ਨਵੇਂ ਕਾਨੂੰਨ ਨਾਲ ਉੱਥੇ ਰਹਿਣ ਵਾਲੇ ਗੈਰ-ਮੁਸਲਮਾਨਾਂ ਨੂੰ ਇਹ ਸਾਰੇ ਅਧਿਕਾਰ ਮਿਲ ਗਏ ਹਨ। ਸੰਯੁਕਤ ਅਰਬ ਅਮੀਰਾਤ ਇਕ ਮੁਸਲਿਮ ਦੇਸ਼ ਹੈ ਅਤੇ ਉੱਥੇ ਇਸਲਾਮਿਕ ਕਾਨੂੰਨ ਲਾਗੂ ਹੁੰਦੇ ਹਨ। ਯੂਏਈ ਦੇ ਅਧੀਨ ਸਾਰੇ ਸੱਤ ਅਮੀਰਾਤ ਵਿਚ ਭਾਰਤੀਆਂ ਦੀ ਵੱਡੀ ਆਬਾਦੀ ਹੈ। ਇਸ ਲਈ ਵੱਡੀ ਗਿਣਤੀ ਵਿੱਚ ਭਾਰਤੀਆਂ ਨੂੰ ਵੀ ਇਸ ਨਵੇਂ ਕਾਨੂੰਨ ਦਾ ਫਾਇਦਾ ਹੋਵੇਗਾ।
ਨਵਾਂ ਕਾਨੂੰਨ ਅਬੂ ਧਾਬੀ ਦੇ ਸ਼ੇਖ ਖਲੀਫਾ ਬਿਨ ਜ਼ਾਇਦ ਅਲ-ਨਾਹਯਾਨ ਦੇ ਹੁਕਮ ਨਾਲ ਲਾਗੂ ਹੋਇਆ ਹੈ। ਉਹ ਯੂਏਈ ਦੇ ਰਾਸ਼ਟਰਪਤੀ ਵੀ ਹਨ। ਨਵਾਂ ਕਾਨੂੰਨ ਵਿਆਹ, ਤਲਾਕ, ਤਲਾਕ ਤੋਂ ਬਾਅਦ ਦੇ ਗੁਜਾਰੇ, ਬੱਚਿਆਂ ਦੀ ਸਾਂਝੀ ਦੇਖਭਾਲ, ਪਿਤਾ ਅਤੇ ਵਿਰਾਸਤ ਦੇ ਮਾਮਲਿਆਂ ‘ਤੇ ਲਾਗੂ ਹੋਵੇਗਾ। ਇਹ ਜਾਣਕਾਰੀ ਯੂਏਈ ਦੀ ਸਰਕਾਰੀ ਨਿਊਜ਼ ਏਜੰਸੀ ਡਬਲਯੂਏਐਮ ਨੇ ਦਿੱਤੀ ਹੈ। ਹੁਣ ਤਕ ਦੇਸ਼ ਵਿਚ ਵਿਆਹ ਅਤੇ ਤਲਾਕ ਇਸਲਾਮੀ ਸ਼ਰੀਆ ਨਿਯਮਾਂ ਤਹਿਤ ਹੀ ਹੁੰਦੇ ਸਨ। ਮੁਸਲਮਾਨਾਂ ਲਈ ਸ਼ਰੀਆ ਨਿਯਮ ਅਜੇ ਵੀ ਲਾਗੂ ਹਨ ਪਰ ਗੈਰ-ਮੁਸਲਮਾਨਾਂ ਲਈ ਨਵਾਂ ਕਾਨੂੰਨ ਬਣਾਇਆ ਗਿਆ ਹੈ। ਨਵੇਂ ਕਾਨੂੰਨ ਦਾ ਉਦੇਸ਼ ਯੂਏਈ ਵਿਚ ਕੰਮ ਕਰਨ ਲਈ ਹੁਨਰਮੰਦ ਪੇਸ਼ੇਵਰਾਂ ਅਤੇ ਪ੍ਰਤਿਭਾ ਨੂੰ ਆਕਰਸ਼ਿਤ ਕਰਨ ਲਈ ਇਕ ਉਦਾਰ ਪ੍ਰਣਾਲੀ ਬਣਾਉਣਾ ਹੈ। ਸੰਯੁਕਤ ਅਰਬ ਅਮੀਰਾਤ ਦੇ ਅਧੀਨ ਆਬੂ ਧਾਬੀ, ਦੁਬਈ ਅਤੇ ਸ਼ਾਰਜਾਹ ਦੁਨੀਆ ਦੇ ਮਹੱਤਵਪੂਰਨ ਵਪਾਰਕ ਕੇਂਦਰਾਂ ਵਜੋਂ ਜਾਣੇ ਜਾਂਦੇ ਹਨ।ਡਬਲਯੂਏਐਮ ਦੇ ਅਨੁਸਾਰ, ਦੁਨੀਆ ਵਿਚ ਪਹਿਲੀ ਵਾਰ ਗੈਰ-ਮੁਸਲਮਾਨਾਂ ਦੇ ਕਾਨੂੰਨ ਵਿਚ ਅਜਿਹੀ ਵਿਵਸਥਾ ਕੀਤੀ ਗਈ ਹੈ।
ਇਸ ਰਾਹੀਂ ਸਰਕਾਰ ਨੇ ਸਾਰਿਆਂ ਨੂੰ ਨਾਲ ਲੈ ਕੇ ਚੱਲਣ ਦੀ ਆਪਣੀ ਉਦਾਰਵਾਦੀ ਸੋਚ ਦਾ ਪ੍ਰਗਟਾਵਾ ਕੀਤਾ ਹੈ। ਨਵੇਂ ਕਾਨੂੰਨ ਮੁਤਾਬਕ ਕੇਸਾਂ ਦੀ ਸੁਣਵਾਈ ਲਈ ਅਬੂ ਧਾਬੀ ਵਿਚ ਅਦਾਲਤ ਸਥਾਪਤ ਕੀਤੀ ਜਾਵੇਗੀ। ਇਸ ਅਦਾਲਤ ਵਿਚ ਅੰਗਰੇਜ਼ੀ ਅਤੇ ਅਰਬੀ ਭਾਸ਼ਾ ਵਿਚ ਕੰਮ ਹੋਵੇਗਾ। 2020 ਵਿਚ ਵੀ, ਯੂਏਈ ਨੇ ਆਪਣੇ ਕਈ ਕਾਨੂੰਨਾਂ ਵਿਚ ਬਦਲਾਅ ਕੀਤਾ ਹੈ ਅਤੇ ਗੈਰ-ਵਿਆਹੁਤਾ ਸਬੰਧਾਂ ਅਤੇ ਸ਼ਰਾਬ ਪੀਣ ਦੇ ਮਾਮਲਿਆਂ ਵਿਚ ਰਾਹਤ ਦਿੱਤੀ ਹੈ। ਸਰਕਾਰ ਨੇ ਲੰਬੇ ਸਮੇਂ ਲਈ ਵੀਜ਼ਾ ਦੇਣ ਅਤੇ ਲੰਬੇ ਸਮੇਂ ਤਕ ਰਹਿਣ ਦੀ ਸਹੂਲਤ ਦਾ ਵੀ ਪ੍ਰਬੰਧ ਕੀਤਾ ਹੈ। ਵਿਦੇਸ਼ੀ ਨਿਵੇਸ਼ ਅਤੇ ਸੈਰ-ਸਪਾਟਾ ਗਤੀਵਿਧੀਆਂ ਵੀ ਆਕਰਸ਼ਿਤ ਹੋਈਆਂ ਹਨ।