Boris Johnson moved ICU: ਲੰਡਨ: ਕੋਰੋਨਾ ਵਾਇਰਸ ਦੀ ਲਾਗ ਦੀ ਲਪੇਟ ਵਿੱਚ ਆ ਚੁੱਕੇ ਇੰਗਲੈਂਡ ਦੇ ਪ੍ਰਧਾਨ ਮੰਤਰੀ ਬੋਰਿਸ ਜੌਨਸਨ ਦੀ ਹਾਲਤ ਵਿਗੜ ਗਈ ਹੈ । ਉਨ੍ਹਾਂ ਨੂੰ ਇੰਗਲੈਂਡ ਦੀ ਰਾਜਧਾਨੀ ਲੰਦਨ ਦੇ ਸੇਂਟ ਥਾਮਸ ਹਸਪਤਾਲ ਦੇ ICU ਵਿੱਚ ਸ਼ਿਫ਼ਟ ਕੀਤਾ ਗਿਆ ਹੈ । ਜ਼ਿਕਰਯੋਗ ਹੈ ਕਿ ਜੌਨਸਨ ਨੂੰ 5 ਅਪ੍ਰੈਲ ਨੂੰ ਹਸਪਤਾਲ ਵਿੱਚ ਦਾਖਿਲ ਕਰਵਾਇਆ ਗਿਆ ਸੀ, ਪਰ ਬੀਤੇ ਦਿਨ ਉਣ ਹੈ ਦੀ ਹਾਲਾਤ ਵਿਗੜਨ ਕਾਰਨ ਉਨ੍ਹਾਂ ਨੂੰ ICU ਵਿੱਚ ਭੇਜ ਦਿੱਤਾ ਗਿਆ । ਇਸ ਸਬੰਧੀ ਡਾਉਨਿੰਗ ਸਟ੍ਰੀਟ ਦੇ ਬੁਲਾਰੇ ਨੇ ਕਿਹਾ ਕਿ ਸੋਮਵਾਰ ਦੁਪਹਿਰ ਪ੍ਰਧਾਨ ਮੰਤਰੀ ਦੀ ਤਬੀਅਤ ਖ਼ਰਾਬ ਹੋ ਗਈ ਸੀ ਅਤੇ ਉਨ੍ਹਾਂ ਨੂੰ ਆਪਣੀ ਮੈਡੀਕਲ ਟੀਮ ਦੀ ਸਲਾਹ ‘ਤੇ ਹਸਪਤਾਲ ਦੇ ਆਈਸੀਯੂ ਲਿਜਾਇਆ ਗਿਆ ਹੈ ।
ਦੱਸਿਆ ਜਾ ਰਿਹਾ ਹੈ ਕਿ ਸੋਮਵਾਰ ਸਵੇਰੇ ਪ੍ਰਧਾਨ ਮੰਤਰੀ ਬੋਰਿਸ ਜੌਨਸਨ ਠੀਕ ਸਨ, ਪਰ ਬਾਅਦ ਵਿੱਚ ਦੁਪਹਿਰ ਉਸਦੀ ਹਾਲਤ ਵਿਗੜ ਗਈ । ਰਿਪੋਰਟਾਂ ਅਨੁਸਾਰ ਬੋਰਿਸ ਜੌਨਸਨ ਤੋਂ ਬਾਅਦ ਇੰਗਲੈਂਡ ਦੇ ਵਿਦੇਸ਼ ਮੰਤਰੀ ਡੌਮਿਨਿਕ ਰੌਬ ਫ਼ਿਲਹਾਲ ਪ੍ਰਧਾਨ ਮੰਤਰੀ ਦੇ ਸਾਰੇ ਕੰਮਕਾਜ ਦੇਖ ਰਹੇ ਹਨ। ਇਸ ਤੋਂ ਪਹਿਲਾਂ ਇੰਗਲੈਂਡ ਦੀ ਸਰਕਾਰ ਕੱਲ੍ਹ ਸੋਮਵਾਰ ਨੂੰ ਕਿਹਾ ਸੀ ਕਿ ਪ੍ਰਧਾਨ ਮੰਤਰੀ ਬੋਰਿਸ ਜੌਨਸਨ ਕੋਵਿਡ-19 ਨਾਲ ਸਬੰਧਤ ਨਿਯਮਤ ਜਾਂਚ ਲਈ ਰਾਤ ਭਰ ਹਸਪਤਾਲ ਵਿੱਚ ਰਹਿਣ ਤੋਂ ਬਾਅਦ ਹੁਣ ਠੀਕ ਮਹਿਸੂਸ ਕਰ ਰਹੇ ਹਨ ।
ਉਥੇ ਹੀ ਬ੍ਰਿਟੇਨ ਦੇ ਰਿਹਾਇਸ਼ ਤੇ ਭਾਈਚਾਰਕ ਮਾਮਲਿਆਂ ਬਾਰੇ ਮੰਤਰੀ ਰਾਬਰਟ ਜੈਨਰਿਕ ਨੇ ਕਿਹਾ ਕਿ ਬੋਰਿਸ ਜੌਨਸਨ ਨੇ ਕੋਰੋਨਾ ਵਾਇਰਸ ਦੀ ਵਿਸ਼ਵ ਮਹਾਂਮਾਰੀ ਵਿਰੁੱਧ ਬ੍ਰਿਟਿਸ਼ ਮੁਹਿੰਮ ਨੂੰ ਸੰਭਾਲਿਆ ਹੋਇਆ ਹੈ ਤੇ ਉਹ ਛੇਤੀ ਹੀ ਡਾਊਨਿੰਗ ਸਟ੍ਰੀਟ ਵਿੱਚ ਵਾਪਸੀ ਕਰਨਗੇ । ਦੱਸ ਦੇਈਏ ਕਿ ਪ੍ਰਧਾਨ ਮੰਤਰੀ ਦੀ ਸਿਹਤ ਬਾਰੇ ਇਹ ਅਪਡੇਟ ਐਤਵਾਰ 5 ਅਪ੍ਰੈਲ ਸ਼ਾਮੀਂ ਉਨ੍ਹਾਂ ਦੇ ਨੈਸ਼ਨਲ ਹੈਲਥ ਸਰਵਿਸ ਵਿੱਚ ਭਰਤੀ ਹੋਣ ਤੋਂ ਬਾਅਦ ਆਇਆ ਸੀ । ਕੋਰੋਨਾ ਵਾਇਰਸ ਦੀ ਲਾਗ ਤੋਂ ਪੀੜਤ ਪਾਏ ਜਾਣ ਦੇ 10 ਦਿਨਾਂ ਬਾਅਦ ਵੀ ਉਨ੍ਹਾਂ ਵਿੱਚ ਕੋਰੋਨਾ ਵਾਇਰਸ ਦੇ ਲੱਛਣ ਪਾਏ ਜਾ ਰਹੇ ਸਨ, ਜਿਸ ਤੋਂ ਬਾਅਦ ਹੀ ਉਨ੍ਹਾਂ ਨੂੰ ਹਸਪਤਾਲ ਜਾਣਾ ਪਿਆ ਹੈ ।