UN Appeals All Countries: ਸੰਯੁਕਤ ਰਾਸ਼ਟਰ ਨੇ ਸਾਰੇ ਦੇਸ਼ਾਂ ਨੂੰ ਮੌਤ ਦੀ ਸਜ਼ਾ ਨੂੰ ਰੋਕਣ ਜਾਂ ਇਸ ‘ਤੇ ਬੈਨ ਕਰਨ ਦੀ ਅਪੀਲ ਕੀਤੀ ਹੈ । ਸੰਯੁਕਤ ਰਾਸ਼ਟਰ ਵੱਲੋਂ ਇਹ ਅਪੀਲ ਬੀਤੇ ਦਿਨ ਨਿਰਭਿਆ ਦੇ ਦੋਸ਼ੀਆਂ ਨੂੰ ਫਾਂਸੀ ਦੇਣ ਤੋਂ ਬਾਅਦ ਕੀਤੀ ਗਈ ਹੈ । ਸਨਸਨੀਖੇਜ ਸਮੂਹਿਕ ਬਲਾਤਕਾਰ ਅਤੇ ਕਤਲ ਦੇ ਸੱਤ ਸਾਲ ਬੀਤ ਜਾਣ ਤੋਂ ਬਾਅਦ ਇਸ ਕੇਸ ਦੇ ਚਾਰ ਦੋਸ਼ੀਆਂ- ਮੁਕੇਸ਼ ਸਿੰਘ (32), ਪਵਨ ਗੁਪਤਾ (25), ਵਿਨੈ ਸ਼ਰਮਾ (26) ਅਤੇ ਅਕਸ਼ੇ ਕੁਮਾਰ ਸਿੰਘ (31) ਨੂੰ ਸ਼ੁੱਕਰਵਾਰ ਸਵੇਰੇ ਨਵੀਂ ਦਿੱਲੀ ਦੀ ਤਿਹਾੜ ਜੇਲ੍ਹ ਵਿੱਚ ਫਾਂਸੀ ਦਿੱਤੀ ਗਈ ਸੀ ।
ਫਾਂਸੀ ‘ਤੇ ਪ੍ਰਤੀਕਰਮ ਦਿੰਦਿਆਂ ਸੰਯੁਕਤ ਰਾਸ਼ਟਰ ਦੇ ਸੱਕਤਰ-ਜਨਰਲ ਐਂਟੋਨੀਓ ਗੁਤਾਰੇਸ ਦੇ ਬੁਲਾਰੇ ਸਟੀਫਨ ਦੁਜਾਰਿਕ ਨੇ ਕਿਹਾ ਕਿ ਗਲੋਬਲ ਸੰਗਠਨ ਨੇ ਸਾਰੇ ਦੇਸ਼ਾਂ ਨੂੰ ਮੌਤ ਦੀ ਸਜ਼ਾ ਦੀ ਵਰਤੋਂ ਨੂੰ ਰੋਕਣ ਜਾਂ ਇਸ ‘ਤੇ ਪਾਬੰਦੀ ਲਗਾਉਣ ਦੀ ਅਪੀਲ ਕੀਤੀ ਹੈ । ਸ਼ੁੱਕਰਵਾਰ ਨੂੰ ਇੱਕ ਪ੍ਰੈਸ ਕਾਨਫਰੰਸ ਦੌਰਾਨ ਦੁਜਾਰਿਕ ਨੇ ਕਿਹਾ ਕਿ ਸਾਡਾ ਪੱਖ ਸਪੱਸ਼ਟ ਹੈ ਕਿ ਅਸੀਂ ਸਾਰੇ ਦੇਸ਼ਾਂ ਨੂੰ ਮੌਤ ਦੀ ਸਜ਼ਾ ਦੀ ਵਰਤੋਂ ਨੂੰ ਰੋਕਣ ਜਾਂ ਇਸ ‘ਤੇ ਪਾਬੰਦੀ ਲਗਾਉਣ ਦੀ ਅਪੀਲ ਕਰਦੇ ਹਾਂ ।
ਦੱਸ ਦੇਈਏ ਕਿ 16 ਦਸੰਬਰ, 2012 ਨੂੰ ਵਾਪਰੇ ਭਿਆਨਕ ਸਮੂਹਕ ਬਲਾਤਕਾਰ ਅਤੇ ਕਤਲ ਨੇ ਦੇਸ਼ ਨੂੰ ਹਿਲਾ ਕੇ ਰੱਖ ਦਿੱਤਾ ਸੀ, ਜਿਸ ਨਾਲ ਦੇਸ਼ ਭਰ ਵਿੱਚ ਰੋਸ ਦਾ ਮਾਹੌਲ ਪੈਦਾ ਹੋਇਆ ਸੀ । ਇਹ ਪਹਿਲਾ ਮੌਕਾ ਸੀ ਜਦੋਂ ਦੱਖਣ ਏਸ਼ੀਆ ਦੀ ਸਭ ਤੋਂ ਵੱਡੀ ਜੇਲ੍ਹ ਕੰਪਲੈਕਸ ਤਿਹਾੜ ਜੇਲ੍ਹ ਵਿੱਚ ਚਾਰ ਲੋਕਾਂ ਨੂੰ ਇਕੱਠੇ ਫਾਂਸੀ ਦਿੱਤੀ ਗਈ ਸੀ ।