Russia Ukraine War Updates: ਸੰਯੁਕਤ ਰਾਸ਼ਟਰ (UN) ਦੇ ਮੁਖੀ ਐਂਟੋਨੀਓ ਗੁਟੇਰੇਸ (Antonio Guterres) ਰੂਸ-ਯੂਕਰੇਨ ਯੁੱਧ ਦੇ ਵਿਚਕਾਰ ਕੀਵ (ਯੂਕਰੇਨ ਦੀ ਰਾਜਧਾਨੀ) ਪਹੁੰਚ ਗਏ ਹਨ। ਇੱਥੇ ਉਹ ਯੂਕਰੇਨ ਦੇ ਰਾਸ਼ਟਰਪਤੀ ਵੋਲਦੋਮੀਰ ਜ਼ੇਲੇਂਸਕੀ ਨਾਲ ਮੁਲਾਕਾਤ ਕਰ ਰਹੇ ਹਨ। ਹੁਣ ਤੱਕ ਦੇ ਸ਼ਡਿਊਲ ‘ਚ ਉਨ੍ਹਾਂ ਨੇ ਸਿਰਫ਼ ਯੂਕਰੇਨ ਦਾ ਹੀ ਜ਼ਿਕਰ ਕੀਤਾ ਹੈ ਅਤੇ ਅਮਰੀਕਾ-ਨਾਟੋ ‘ਤੇ ਬੋਲਣ ਤੋਂ ਗੁਰੇਜ਼ ਕੀਤਾ ਹੈ। ਮੰਨਿਆ ਜਾ ਰਿਹਾ ਹੈ ਕਿ ਉਨ੍ਹਾਂ ਨੇ ਇਹ ਫੈਸਲਾ ਰੂਸ ਦੀ ਨਾਰਾਜ਼ਗੀ ਦੇ ਮੱਦੇਨਜ਼ਰ ਲਿਆ ਹੈ।
ਤੁਹਾਨੂੰ ਦੱਸ ਦੇਈਏ ਕਿ ਪਿਛਲੇ ਸਾਲ 24 ਫਰਵਰੀ ਨੂੰ ‘ਸਪੈਸ਼ਲ ਮਿਲਟਰੀ ਆਪਰੇਸ਼ਨ’ ਸ਼ੁਰੂ ਕਰਨ ਦਾ ਐਲਾਨ ਕਰਦੇ ਹੋਏ ਰੂਸ ਨੇ ਯੂਕਰੇਨ ‘ਤੇ ਹਮਲਾ ਕੀਤਾ ਸੀ। ਉਦੋਂ ਤੋਂ ਲੈ ਕੇ ਹੁਣ ਤੱਕ ਦੋਹਾਂ ਦੇਸ਼ਾਂ ਵਿਚਾਲੇ ਜੰਗ ਜਾਰੀ ਹੈ। ਇਸ ਮਾਮਲੇ ‘ਚ ਇਕੋ-ਇਕ ਰਾਹਤ 7 ਮਹੀਨੇ ਪਹਿਲਾਂ ਉਦੋਂ ਮਿਲੀ ਸੀ ਜਦੋਂ ਰੂਸ ਅਤੇ ਯੂਕਰੇਨ ਨੇ ਇਸ ਗੱਲ ‘ਤੇ ਸਹਿਮਤੀ ਜਤਾਈ ਸੀ ਕਿ ਦੋਵੇਂ ਦੇਸ਼ ਕਾਲੇ ਸਾਗਰ (Black Sea) ‘ਚੋਂ ਲੰਘਣ ਵਾਲੇ ਕਿਸੇ ਵੀ ਜਹਾਜ਼ ‘ਤੇ ਹਮਲਾ ਨਹੀਂ ਕਰਨਗੇ, ਜੋ ਕਿ ਕਣਕ, ਚਾਵਲ ਜਾਂ ਹੋਰ ਸਮਾਨ ਪਦਾਰਥਾਂ ਵਰਗੀਆਂ ਖਾਣ-ਪੀਣ ਵਾਲੀਆਂ ਵਸਤੂਆਂ ਲੈ ਕੇ ਜਾਵੇਗਾ।
ਕਾਲੇ ਸਾਗਰ ਰਾਹੀਂ ਸ਼ਿਪਮੈਂਟ ਜਾਰੀ ਰੱਖਣ ‘ਤੇ ਜ਼ੋਰ
ਮੀਡੀਆ ਰਿਪੋਰਟਾਂ ਮੁਤਾਬਕ ਸੰਯੁਕਤ ਰਾਸ਼ਟਰ ਦੇ ਮੁਖੀ ਐਂਟੋਨੀਓ ਗੁਟੇਰੇਸ ਦੀ ਬੈਠਕ ‘ਚ ਕਾਲੇ ਸਾਗਰ ਰਾਹੀਂ ਖੁਰਾਕੀ ਵਸਤਾਂ ਦੀ ਬਰਾਮਦ ਨੂੰ ਜਾਰੀ ਰੱਖਣ ‘ਤੇ ਚਰਚਾ ਕੀਤੀ ਜਾਵੇਗੀ। ਸੰਯੁਕਤ ਰਾਸ਼ਟਰ ਮੁਖੀ ਦੇ ਬੁਲਾਰੇ ਸਟੀਫਨ ਦੁਜਾਰੇਕ ਨੇ ਮੰਗਲਵਾਰ ਨੂੰ ਐਂਟੋਨੀਓ ਗੁਟੇਰੇਸ ਦੇ ਯੂਰਪ ਦੌਰੇ ਬਾਰੇ ਦੱਸਿਆ। ਸਟੀਫਨ ਨੇ ਕਿਹਾ ਸੀ, “ਗੁਟੇਰੇਸ ਯੂਕਰੇਨ ਦੇ ਗੁਆਂਢੀ ਦੇਸ਼ ਪੋਲੈਂਡ ਪਹੁੰਚ ਗਏ ਹਨ।” ਉਹ ਬੁੱਧਵਾਰ ਸਵੇਰੇ ਇੱਥੋਂ ਕੀਵ ਲਈ ਰਵਾਨਾ ਹੋਣਗੇ।” ਫਿਰ ਬੁੱਧਵਾਰ ਦੁਪਹਿਰ ਨੂੰ ਖਬਰ ਆਈ ਕਿ ਗੁਟੇਰੇਸ ਨੇ ਜ਼ੇਲੇਂਸਕੀ ਨਾਲ ਮੁਲਾਕਾਤ ਕੀਤੀ ਹੈ।
ਰੂਸ-ਯੂਕਰੇਨ ਯੁੱਧ ਸ਼ੁਰੂ ਹੋਣ ਤੋਂ ਬਾਅਦ ਤੀਜਾ ਦੌਰਾ
ਰੂਸ-ਯੂਕਰੇਨ ਯੁੱਧ ਸ਼ੁਰੂ ਹੋਣ ਤੋਂ ਬਾਅਦ ਸੰਯੁਕਤ ਰਾਸ਼ਟਰ ਦੇ ਮੁਖੀ ਐਂਟੋਨੀਓ ਗੁਟੇਰੇਸ ਦਾ ਯੂਕਰੇਨ ਦਾ ਇਹ ਤੀਜਾ ਦੌਰਾ ਹੈ। ਇਸ ਤੋਂ ਪਹਿਲਾਂ ਐਂਟੋਨੀਓ ਗੁਟੇਰੇਸ ਪਿਛਲੇ ਸਾਲ ਅਪ੍ਰੈਲ ਵਿੱਚ ਅਤੇ ਫਿਰ ਅਗਸਤ 2022 ਵਿੱਚ ਯੂਕਰੇਨ ਗਏ ਸਨ। ਉਨ੍ਹਾਂ ਦੇ ਹਾਲੀਆ ਦੌਰੇ ਦੌਰਾਨ ਹੋਈ ਗੱਲਬਾਤ ਦੌਰਾਨ ਮੁੱਖ ਮੁੱਦਾ ਅਨਾਜ ਪਹਿਲਕਦਮੀ (ਅਨਾਜ ਨਿਰਯਾਤ ਯੋਜਨਾ) ਹੀ ਰਹੇਗਾ। ਇਹ ਸਮਝੌਤਾ ਰੂਸ ਅਤੇ ਯੂਕਰੇਨ ਵਿਚਾਲੇ ਪਿਛਲੇ ਸਾਲ ਅਕਤੂਬਰ ‘ਚ ਹੋਇਆ ਸੀ। ਗੁਟੇਰੇਸ ਮੁਤਾਬਕ ਹੁਣ ਤੱਕ ਦੋਵੇਂ ਦੇਸ਼ ਇਸ ਸਮਝੌਤੇ ਦਾ ਪਾਲਣ ਕਰਦੇ ਆਏ ਹਨ। ਅਤੇ, ਉਨ੍ਹਾਂ ਨੇ ਉਮੀਦ ਪ੍ਰਗਟ ਕੀਤੀ ਹੈ ਕਿ ਇਹ ਸਮਝੌਤਾ ਭਵਿੱਖ ਵਿੱਚ ਵੀ ਜਾਰੀ ਰਹੇਗਾ।