ਕੋਰੋਨਾ ਮਹਾਮਾਰੀ ਕਾਰਨ ਲਗਪਗ ਸਾਲ ਭਰ ਤੋਂ ਖੇਡ ਸਰਗਰਮੀਆਂ ਠੱਪ ਹੋਣ ਦਾ ਅਸਰ ਖੇਡ ਬਜਟ ‘ਤੇ ਵੀ ਪਿਆ ਹੈ ਤੇ ਸਾਲ 2021-22 ਦੇ ਬਜਟ ‘ਚ ਖੇਡ ਤੇ ਯੁਵਾ ਕਾਰਜ ਮੰਤਰਾਲੇ ਨੂੰ 2596.14 ਕਰੋੜ ਰੁਪਏ ਜਾਰੀ ਕੀਤੇ ਗਏ ਹਨ ਜੋ ਪਿਛਲੇ ਸਾਲ ਜਾਰੀ ਕੀਤੀ ਗਈ ਰਕਮ ਤੋਂ 230.78 ਕਰੋੜ ਰੁਪਏ ਘੱਟ ਹੈ।
ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਸੋਮਵਾਰ ਨੂੰ 2021-22 ਲਈ ਬਜਟ ਪੇਸ਼ ਕੀਤਾ। ਉਧਰ ਕੌਮੀ ਖੇਡ ਮਹਾਸੰਘਾਂ ਲਈ ਪਿਛਲੇ ਬਜਟ ‘ਚ 245 ਕਰੋੜ ਰੁਪਏ ਸਨ, ਜਿਸ ਨੂੰ ਸੋਧ ਵੰਡ ਬਜਟ ਅੰਦਾਜ਼ੇ ‘ਚ 132 ਕਰੋੜ ਰੁਪਏ ਕਰ ਦਿੱਤਾ ਗਿਆ ਹੈ। ਅਗਲੇ ਵਿੱਤੀ ਸਾਲ ਲਈ ਇਸ ਨੂੰ ਵਧਾ ਕੇ 280 ਕਰੋੜ ਰੁਪੇ ਕਰ ਦਿੱਤਾ ਗਿਆ ਹੈ। ਕੌਮੀ ਖੇਡ ਵਿਕਾਸ ਫੰਡ ਲਈ 25 ਕਰੋੜ ਰੁਪਏ ਦਿੱਤੇ ਗਏ ਹਨ ਜਦੋਂਕਿ 2020-21 ਦੀ ਬਜਟ ਸੋਧ ਵੰਡ 7.23 ਕਰੋੜ ਰੁਪਏ ਹੈ। ਭਾਰਤੀ ਖੇਡ ਅਥਾਰਟੀ (ਸਾਈ) ਨੂੰ ਮਿਲਣ ਵਾਲੀ ਰਕਮ ‘ਚ ਵਾਧਾ ਕੀਤਾ ਗਿਆ। ਸਾਈ ਨੂੰ 660.41 ਕਰੋੜ ਰੁਪਏ ਦਿੱਤੇ ਗਏ ਹਨ ਜਦੋਂਕਿ 2020-21 ਦੇ ਬਜਟ ‘ਚ ਇਹ ਰਾਸ਼ੀ 500 ਕਰੋੜ ਰੁਪਏ ਸੀ। ਖਿਡਾਰੀ ਲਈ ਮੋਟੀਵੇਸ਼ਨ ਪੈਕੇਜ ਦਾ ਬਜਟ 70 ਕਰੋੜ ਰੁਪਏ ਤੋਂ ਘਟਾ ਕੇ 53 ਕਰੋੜ ਰੁਪਏ ਕਰ ਦਿੱਤਾ ਗਿਆ ਹੈ। 2010 ਕਾਮਨਵੈਲਥ ਗੇਮਜ਼ ਸਾਈ ਸਟੇਡੀਅਮਾਂ ਦੀ ਮੁਰੰਮਤ ਦਾ ਬਜਟ 75 ਕਰੋੜ ਰੁਪਏ ਤੋਂ ਘਟਾ ਕੇ 30 ਕਰੋੜ ਰੁਪਏ ਕਰ ਦਿੱਤਾ ਗਿਆ ਹੈ।