Nashville tornado: ਵਾਸ਼ਿੰਗਟਨ: ਅਮਰੀਕਾ ਦੇ ਟੈਨੇਸੀ ਸੂਬੇ ਵਿੱਚ ਬੀਤੇ ਦਿਨ ਆਏ ਭਿਆਨਕ ਤੂਫਾਨ ਆਉਣ ਦੀ ਖਬਰ ਹੈ, ਜਿਸ ਵਿੱਚ ਘੱਟ ਤੋਂ ਘੱਟ 25 ਲੋਕਾਂ ਦੀ ਮੌਤ ਹੋ ਗਈ । ਦੱਸਿਆ ਜਾ ਰਿਹਾ ਹੈ ਕਿ ਇਨ੍ਹਾਂ ਮ੍ਰਿਤਕਾਂ ਵਿੱਚ ਛੋਟੇ-ਛੋਟੇ ਬੱਚੇ ਵੀ ਸ਼ਾਮਿਲ ਹਨ । ਮਿਲੀ ਜਾਣਕਾਰੀ ਅਨੁਸਾਰ ਇਸ ਤੂਫਾਨ ਕਾਰਨ ਕਈ ਇਮਾਰਤਾਂ ਢਹਿ-ਢੇਰੀ ਹੋ ਗਈਆਂ ਹਨ ਅਤੇ ਬਿਜਲੀ ਦੇ ਖੰਭੇ ਵੀ ਡਿੱਗ ਗਏ ਹਨ । ਇਸ ਤੂਫ਼ਾਨ ਕਾਰਨ ਹਰ ਪਾਸੇ ਬਰਬਾਦੀ ਦਾ ਮੰਜ਼ਰ ਦਿਖਾਈ ਦੇ ਰਿਹਾ ਹੈ, ਜਿਸ ਵਿੱਚ 140 ਇਮਾਰਤਾਂ ਤੂਫਾਨ ਦੀ ਲਪੇਟ ਵਿੱਚ ਆ ਗਈਆਂ ਹਨ ।
ਦਰਅਸਲ, ਤੂਫ਼ਾਨ ਨਾਲ ਪ੍ਰਭਾਵਿਤ ਖੇਤਰਾਂ ਵਿੱਚ ਸਕੂਲ, ਕਾਲਜ ਅਤੇ ਹਵਾਈ ਅੱਡੇ ਬੰਦ ਕਰ ਦਿੱਤੇ ਗਏ ਹਨ । ਇਸ ਤੂਫਾਨ ਦੇ ਚਲਦਿਆਂ ਦੱਖਣੀ ਅਮਰੀਕੀ ਸੂਬੇ ਵਿੱਚ ਪ੍ਰਾਇਮਰੀ ਚੋਣਾਂ ਲਈ ਵੋਟਿੰਗ ਦਾ ਸਮਾਂ ਵੀ ਵਧਾ ਦਿੱਤਾ ਗਿਆ ਹੈ । ਇਸ ਸਬੰਧੀ ਅਧਿਕਾਰੀਆਂ ਨੇ ਦੱਸਿਆ ਕਿ ਬਹੁਤ ਸਾਰੇ ਘਰ ਵੀ ਇਸ ਤੂਫ਼ਾਨ ਦੀ ਲਪੇਟ ਵਿੱਚ ਆ ਗਏ ਹਨ, ਜਿਸ ਤੋਂ ਬਾਅਦ ਸਥਾਨਕ ਲੋਕ ਆਪਣੀ ਜਾਨ ਬਚਾਉਣ ਲਈ ਇਥੋਂ ਚਲੇ ਗਏ ਹਨ । ਅਮਰੀਕਾ ਦੇ ਇਸ ਸੂਬੇ ਵਿੱਚ ਆਏ ਤੂਫ਼ਾਨ ਤੋਂ ਬਾਅਦ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਪੀੜਤਾਂ ਦੇ ਪਰਿਵਾਰਾਂ ਨਾਲ ਦੁੱਖ ਸਾਂਝਾ ਕੀਤਾ ਹੈ ।
ਇਸ ਬਾਰੇ ਰਾਸ਼ਟਰੀ ਮੌਸਮ ਸੇਵਾ ਵਿਭਾਗ ਵੱਲੋਂ ਇੱਕ ਟਵੀਟ ਵੀ ਕੀਤਾ ਗਿਆ ਹੈ, ਜਿਸ ਵਿੱਚ ਉਨ੍ਹਾਂ ਵੱਲੋਂ ਲੋਕਾਂ ਨੂੰ ਆਪਣੀ ਸੁਰੱਖਿਆ ਕਰਨ ਬਾਰੇ ਕਿਹਾ ਗਿਆ ਹੈ। ਇਸ ਸਬੰਧੀ ਗਵਰਨਰ ਬਿਲ ਲੀ ਨੇ ਮੰਗਲਵਾਰ ਦੇਰ ਰਾਤ ਟਵਿੱਟਰ ‘ਤੇ ਦੱਸਿਆ ਕਿ ਮਰਨ ਵਾਲਿਆਂ ਦੀ ਗਿਣਤੀ ਵਧ ਕੇ 25 ਹੋ ਗਈ ਹੈ ਤੇ ਤਕਰੀਬਨ 150 ਲੋਕਾਂ ਨੂੰ ਮੈਡੀਕਲ ਕੇਂਦਰਾਂ ਤੱਕ ਲੈ ਜਾਇਆ ਗਿਆ ਹੈ । ਉਨ੍ਹਾਂ ਦੱਸਿਆ ਕਿ ਇਸ ਤੂਫ਼ਾਨ ਕਾਰਨ ਲੋਕਾਂ ਨੂੰ ਕਾਫੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ।