US Coronavirus Death Toll: ਵਾਸ਼ਿੰਗਟਨ: ਪੂਰੀ ਦੁਨੀਆ ਵਿੱਚ ਕੋਰੋਨਾ ਵਾਇਰਸ ਨੇ ਤਬਾਹੀ ਮਚਾਈ ਹੋਈ ਹੈ । ਜਿਸ ਕਾਰਨ ਦੁਨੀਆ ਦੇ ਬਹੁਤ ਸਾਰੇ ਦੇਸ਼ ਇਸ ਵਾਇਰਸ ਦੀ ਚਪੇਟ ਵਿੱਚ ਹਨ । ਉੱਥੇ ਹੀ ਦੁਨੀਆ ਦਾ ਸਭ ਤੋਂ ਸ਼ਕਤੀਸ਼ਾਲੀ ਦੇਸ਼ ਅਮਰੀਕਾ ਕੋਰੋਨਾ ਵਾਇਰਸ ਨਾਲ ਲੜਾਈ ਵਿੱਚ ਲਾਚਾਰ ਨਜ਼ਰ ਆ ਰਿਹਾ ਹੈ । ਜੌਹਨ ਹਾਪਿੰਗਜ਼ ਯੂਨੀਵਰਸਿਟੀ ਅਨੁਸਾਰ ਅਮਰੀਕਾ ਵਿਚ ਕੋਰੋਨਾ ਵਾਇਰਸ ਦੇ ਪੀੜਤ ਮਰੀਜ਼ਾਂ ਦੀ ਗਿਣਤੀ ਵੱਧ ਕੇ 8,24,147 ਹੋ ਗਈ ਹੈ । ਅਮਰੀਕਾ ਵਿੱਚ ਬੀਤੇ 24 ਘੰਟਿਆਂ ਦੌਰਾਨ 2,751 ਲੋਕਾਂ ਦੀ ਮੌਤ ਹੋ ਗਈ ਹੈ । ਜਿਸਦੇ ਨਾਲ ਅਮਰੀਕਾ ਵਿੱਚ ਮਰਨ ਵਾਲਿਆਂ ਦਾ ਅੰਕੜਾ 45 ਹਜ਼ਾਰ ਤੋਂ ਪਾਰ ਪਹੁੰਚ ਗਿਆ ਹੈ । ਦੱਸਿਆ ਜਾ ਰਿਹਾ ਹੈ ਕਿ ਅਮਰੀਕਾ ਵਿੱਚ ਮੰਗਲਵਾਰ ਨੂੰ ਕੋਰੋਨਾ ਦੇ 40 ਹਜ਼ਾਰ ਨਵੇਂ ਮਾਮਲਿਆਂ ਦੀ ਪੁਸ਼ਟੀ ਹੋਈ ਹੈ । ਜਿਸ ਕਾਰਨ ਅਮਰੀਕਾ ਕੋਰੋਨਾ ਪੀੜਤਾਂ ਦੇ ਮਾਮਲੇ ਵਿੱਚ ਚੋਟੀ ਦੇ ਸਥਾਨ ‘ਤੇ ਹੈ ।
ਦਰਅਸਲ, ਵੈੱਬਸਾਈਟ ਵਰਲਡਮੀਟਰ ਅਨੁਸਾਰ ਅਮਰੀਕਾ ਵਿੱਚ ਕੋਰੋਨਾ ਪੀੜਤ ਮਰੀਜ਼ਾਂ ਦੀ ਗਿਣਤੀ 8,19,164 ਹੋ ਗਈ ਹੈ । ਇਸ ਦੇ ਨਾਲ ਹੀ ਇੱਥੇ ਹੁਣ ਤੱਕ 45,340 ਲੋਕਾਂ ਦੀ ਮੌਤ ਹੋ ਚੁੱਕੀ ਹੈ । ਹਾਲਾਂਕਿ ਇਸ ਮਹਾਂਮਾਰੀ ਤੋਂ 82 ਹਜ਼ਾਰ 973 ਲੋਕ ਠੀਕ ਹੋ ਚੁੱਕੇ ਹਨ ਤੇ 6 ਲੱਖ 90 ਹਜ਼ਾਰ ਲੋਕ ਇਲਾਜ ਅਧੀਨ ਹਨ । ਕੋਰੋਨਾ ਦਾ ਸਭ ਤੋਂ ਵੱਧ ਅਸਰ ਅਮਰੀਕਾ ਦੇ ਨਿਊਯਾਰਕ ਵਿੱਚ ਦੇਖਣ ਨੂੰ ਮਿਲ ਰਿਹਾ ਹੈ । ਇਕੱਲੇ ਨਿਊਯਾਰਕ ਵਿੱਚ ਹੁਣ ਤੱਕ 19,693 ਲੋਕਾਂ ਦੀ ਮੌਤ ਹੋ ਚੁੱਕੀ ਹੈ । ਉੱਥੇ ਹੀ ਸ਼ਹਿਰ ਵਿੱਚ ਹੁਣ ਤੱਕ 2 ਲੱਖ 56 ਹਜ਼ਾਰ ਮਾਮਲੇ ਸਾਹਮਣੇ ਆਏ ਹਨ ।
ਕੋਰੋਨਾ ਦੇ ਵੱਧ ਰਹੇ ਪ੍ਰਭਾਵ ਨੂੰ ਦੇਖਦਿਆਂ ਅਧਿਕਾਰੀਆਂ ਨੇ ਚੇਤਾਵਨੀ ਦਿੱਤੀ ਹੈ ਕਿ ਨਿਊਯਾਰਕ ਸ਼ਹਿਰ ਅਤੇ ਰਾਜ ਸਕੂਲਾਂ, ਕਾਰੋਬਾਰ ਅਤੇ ਲੋਕਾਂ ਦੇ ਇਕੱਠੇ ਹੋਣ ਤੇ ਲੱਗੀ ਰੋਕ ਹਟਾਉਣ ਲਈ ਤਿਆਰ ਨਹੀਂ ਹਨ । ਜ਼ਿਕਰਯੋਗ ਹੈ ਕਿ ਸ਼ਨੀਵਾਰ ਨੂੰ ਨਿਊਯਾਰਕ ਵਿਚ ਮੌਤਾਂ ਦਾ ਅੰਕੜਾ 550 ਤੋਂ ਹੇਠਾਂ ਆ ਗਿਆ । ਇਸ ਦੇ ਨਾਲ ਹੀ ਹਸਪਤਾਲ ਆਉਣ ਵਾਲੇ ਮਰੀਜ਼ਾਂ ਦੀ ਗਿਣਤੀ ਵਿੱਚ ਵੀ ਕਮੀ ਦਰਜ ਕੀਤੀ ਗਈ ਹੈ । ਉਥੋਂ ਦੇ ਗਵਰਨਰ ਨੇ ਨਿਊਯਾਰਕ ਵਿਚ ਰਹਿੰਦੇ ਲੋਕਾਂ ਨੂੰ ਜਾਗਰੂਕ ਰਹਿਣ ਦੀ ਅਪੀਲ ਕੀਤੀ ਅਤੇ ਲੋਕਾਂ ਨੂੰ ਇੱਕ-ਦੂਜੇ ਤੋਂ ਦੂਰੀ ਬਣਾ ਕੇ ਰੱਖਣ ਅਤੇ ਹਰ ਕਦਮ ਚੁੱਕਣ ਦੀ ਅਪੀਲ ਕੀਤੀ ਤਾਂ ਜੋ ਸ਼ਹਿਰ ਵਿਚ ਨਵੇਂ ਮਾਮਲਿਆਂ ਨੂੰ ਘਟਾਇਆ ਜਾ ਸਕੇ । ਦੱਸ ਦੇਈਏ ਕਿ ਵਿਸ਼ਵ ਭਰ ਵਿੱਚ ਕੋਰੋਨਾ ਪੀੜਤਾਂ ਦੀ ਗਿਣਤੀ 25 ਲੱਖ ਤੋਂ ਪਾਰ ਹੋ ਗਈ ਹੈ ਅਤੇ ਹੁਣ ਤੱਕ 1,77,200 ਲੋਕਾਂ ਦੀ ਮੌਤ ਹੋ ਚੁੱਕੀ ਹੈ ।