ਵਾਸ਼ਿੰਗਟਨ: ਅਮਰੀਕੀ ਰਾਸ਼ਟਰਪਤੀ ਦੀ ਚੋਣ ਵਿੱਚ ਭਾਰਤੀਆਂ ਨੂੰ ਭਰਮਾਉਣ ਲਈ ਡੈਮੋਕ੍ਰੇਟਿਕ ਪਾਰਟੀ ਨੇ ਉਪ-ਰਾਸ਼ਟਰਪਤੀ ਅਹੁਦੇ ਲਈ ਕਮਲਾ ਹੈਰਿਸ ਨੂੰ ਮੈਦਾਨ ਵਿੱਚ ਉਤਾਰਿਆ ਹੈ। ਇਸ ਦੇ ਨਾਲ ਹੀ ਡੋਨਾਲਡ ਟਰੰਪ ਨੇ ਨਿੱਕੀ ਹੇਲੀ ਨੂੰ ਰਿਪਬਲੀਕਨ ਪਾਰਟੀ ਦੀ ਸਟਾਰ ਪ੍ਰਚਾਰਕ ਬਣਾਇਆ ਹੈ। ‘ਰਿਪਬਲੀਕਨ ਨੈਸ਼ਨਲ ਕਨਵੈਨਸ਼ਨ’ ਦੇ ਪਹਿਲੇ ਦਿਨ ਸੰਯੁਕਤ ਰਾਸ਼ਟਰ ਵਿੱਚ ਅਮਰੀਕਾ ਦੇ ਸਾਬਕਾ ਰਾਜਦੂਤ ਹੇਲੀ ਨੇ ਅਮਰੀਕੀਆਂ ਨੂੰ ਕਿਹਾ ਕਿ ਬਿਡੇਨ-ਹੈਰਿਸ ਪ੍ਰਸ਼ਾਸਨ ਦੇਸ਼ ਨੂੰ ਸਮਾਜਵਾਦ ਦੇ ਰਾਹ ‘ਤੇ ਲੈ ਜਾ ਸਕਦਾ ਹੈ, ਜੋ ਦੁਨੀਆ ‘ਚ ਹਰ ਥਾਂ ਫੇਲ੍ਹ ਹੋਇਆ ਹੈ।
ਟੌਪ ਦੇ ਭਾਰਤੀ-ਅਮਰੀਕੀ ਰਾਜਨੇਤਾ ਨਿੱਕੀ ਹੇਲੀ ਨੇ ਆਰਐਨਸੀ ਵਿੱਚ ਸਖ਼ਤ ਅਪੀਲ ਕਰਦਿਆਂ ਕਿਹਾ ਕਿ ਉਹ ਯੂਐਸ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਮੁੜ ਚੁਣਨ। ਉਨ੍ਹਾਂ ਕੋਲ ‘ਸਫਲਤਾ ਦਾ ਰਿਕਾਰਡ’ ਹੈ ਜਦੋਂਕਿ ਉਸ ਦੇ ਡੈਮੋਕ੍ਰੇਟਿਕ ਵਿਰੋਧੀ ਜੋ ਬਿਡਨ ਕੋਲ ‘ਅਸਫਲਤਾ ਦਾ ਰਿਕਾਰਡ’ ਸੀ। ਡੋਨਾਲਡ ਟਰੰਪ ਨੇ ਇੱਕ ਵੱਖਰੀ ਪਹੁੰਚ ਅਪਣਾਈ ਹੈ। ਉਹ ਚੀਨ ਨਾਲ ਸਖ਼ਤ ਹਨ ਤੇ ਆਈਐਸਆਈਐਸ ਦੇ ਖਿਲਾਫ ਮੋਰਚਾ ਸੰਭਾਲਿਆ ਤੇ ਜਿੱਤ ਹਾਸਲ ਕੀਤੀ। ਉਨ੍ਹਾਂ ਨੇ ਦੇਸ਼ ਨੂੰ ਉਹ ਸੁਣਾਇਆ ਜੋ ਸੁਣਨ ਦੀ ਜ਼ਰੂਰਤ ਸੀ।
ਉਧਰ, ਕਈ ਰਾਜਨੀਤਕ ਮਾਹਰ ਕਹਿੰਦੇ ਹਨ ਕਿ 48 ਸਾਲਾ ਨਿੱਕੀ ਹੇਲੀ 2024 ਦੀਆਂ ਚੋਣਾਂ ਵਿਚ ਰਾਸ਼ਟਰਪਤੀ ਅਹੁਦੇ ਦੀ ਉਮੀਦਵਾਰ ਬਣੇਗੀ। ਹਾਲਾਂਕਿ, ਉਨ੍ਹਾਂ ਨੇ ਹਮੇਸ਼ਾਂ ਦੀ ਤਰ੍ਹਾਂ ਇਸ ਬਾਰੇ ਕੋਈ ਟਿੱਪਣੀ ਕਰਨ ਤੋਂ ਇਨਕਾਰ ਕੀਤਾ ਹੈ ਤੇ ਕਿਹਾ ਹੈ ਕਿ ਹੁਣ ਉਸ ਦਾ ਉਦੇਸ਼ ਸਿਰਫ ਟਰੰਪ ਨੂੰ ਦੇਸ਼ ਦਾ ਰਾਸ਼ਟਰਪਤੀ ਬਣਾਉਣਾ ਹੈ।
ਦੱਖਣੀ ਕੈਰੋਲਿਨਾ ਤੋਂ ਦੋ ਵਾਰ ਗਵਰਨਰ ਹੇਲੀ ਨੇ ਕਿਹਾ, “ਅਮਰੀਕਾ ਨਸਲਵਾਦੀ ਹੈ, ਇਹ ਕਹਿਣਾ ਡੈਮੋਕ੍ਰੇਟਸ ਲਈ ਇੱਕ ‘ਫੈਸ਼ਨ’ ਬਣ ਗਿਆ ਹੈ। ਇਹ ਝੂਠ ਹੈ। ਅਮਰੀਕਾ ਨਸਲਵਾਦੀ ਦੇਸ਼ ਨਹੀਂ। ਇਹ ਮੇਰਾ ਨਿੱਜੀ ਤਜਰਬਾ ਹੈ। ਮੈਂ ਭਾਰਤੀ ਪ੍ਰਵਾਸੀਆਂ ਨੂੰ ਜਾਣਦੀ ਹਾਂ। ਉਨ੍ਹਾਂ ਦੀ ਬੇਟੀ ਹੋਣ ‘ਤੇ ਮਾਣ ਹੈ। ਉਹ ਅਮਰੀਕਾ ਆਏ ਤੇ ਇੱਕ ਛੋਟੇ ਜਿਹੇ ਦੱਖਣੀ ਸ਼ਹਿਰ ਵਿੱਚ ਸੈਟਲ ਹੋਏ। ਮੇਰੇ ਪਿਤਾ ਪੱਗ ਬੰਨ੍ਹਦੇ ਹਨ ਤੇ ਮੇਰੀ ਮਾਂ ਸਾੜ੍ਹੀ ਪਾਉਂਦੀ ਹੈ। ਮੈਂ ਇਸ ਕਾਲੀ ਤੇ ਚਿੱਟੇ ਰੰਗ ਦੀ ਦੁਨੀਆਂ ਦੀ ਇੱਕ ਕਾਲੀ ਕੁੜੀ ਸੀ।”
ਹੇਲੀ ਨੇ ਕਿਹਾ ਕਿ ਉਸ ਦੇ ਪਰਿਵਾਰ ਨੂੰ ਵਿਤਕਰੇ ਤੇ ਤੰਗੀ ਦਾ ਸਾਹਮਣਾ ਕਰਨਾ ਪਿਆ, ਪਰ ਉਸ ਦੇ ਮਾਪਿਆਂ ਨੇ ਕਦੇ ਸ਼ਿਕਾਇਤ ਤੇ ਨਫ਼ਰਤ ਨਹੀਂ ਕੀਤੀ।