ਅਮਰੀਕੀ ਨੈਸ਼ਨਲ ਸਕਿਓਰਟੀ ਕੌਂਸਲ ਦੇ ਅਧਿਕਾਰੀ ਜਾਨ ਕਿਰਬੀ ਨੇ ਕਿਹਾ ਹੈ ਕਿ ਕਿਊਬਾ ’ਚ ਚੀਨੀ ਜਾਸੂਸੀ ਹਵਾਈ ਅੱਡਾ ਲੰਬੇ ਸਮੇਂ ਤੋਂ ਚੱਲ ਰਿਹਾ ਹੈ। ਪਿਛਲੇ ਹਫ਼ਤੇ ਕਿਊਬਾ ’ਚ ਚੀਨ ਵੱਲੋਂ ਜਾਸੂਸੀ ਅੱਡਾ ਬਣਾਏ ਜਾਣ ਦੀ ਰਿਪੋਰਟ ਨੂੰ ਪੈਂਟਾਗਨ ਨੇ ਨਕਾਰ ਦਿੱਤਾ ਸੀ। ਉਸ ਦੌਰਾਨ ਮੀਡੀਆ ਰਿਪੋਰਟ ਨੂੰ ਗ਼ਲਤ ਦੱਸਿਆ ਗਿਆ ਸੀ। ਕਿਰਬੀ ਤੋਂ ਜਦੋਂ ਮੀਡੀਆ ਨੇ ਪੁੱਛਿਆ ਕਿ ਕੀ ਹੁਣ ਪ੍ਰਸ਼ਾਸਨ ਇਸ ਨੂੰ ਮੰਨ ਰਿਹਾ ਹੈ ਤੇ ਇਹ ਅਮਰੀਕਾ ਲਈ ਖ਼ਤਰਾ ਹੈ। ਉਨ੍ਹਾਂ ਸੁਰੱਖਿਆ ਕਾਰਨਾਂ ਦਾ ਹਵਾਲਾ ਦਿੰਦਿਆਂ ਇਸ ਮਾਮਲੇ ’ਤੇ ਕੁਝ ਕਹਿਣ ਤੋਂ ਇਨਕਾਰ ਕਰ ਦਿੱਤਾ। ਨਾਲ ਹੀ ਉਨ੍ਹਾਂ ਕਿਹਾ ਕਿ ਸਾਡੇ ਸਾਹਮਣੇ ਮਾਮਲਾ ਆਉਣ ਤੋਂ ਬਾਅਦ ਪਹਿਲੇ ਦਿਨੋਂ ਹੀ ਅਸੀਂ ਮਹੱਤਵਪੂਰਨ ਕਦਮ ਚੁੱਕੇ ਹਨ। ਉਨ੍ਹਾਂ ਕਿਹਾ ਕਿ ਇਹ ਬੇਹੱਦ ਹੀ ਸੰਵੇਦਨਸ਼ੀਲ ਮਾਮਲਾ ਹੈ, ਇਸ ਲਈ ਇਸ ਸਬੰਧੀ ਜ਼ਿਆਦਾ ਵਿਸਥਾਰ ਨਹੀਂ ਜਾ ਸਕਦੇ।
‘ਦਿ ਵਾਲ ਸਟ੍ਰੀਟ ਜਨਰਲ’ ਨੇ ਰਿਪੋਰਟ ’ਚ ਕਿਹਾ ਸੀ ਕਿ ਚੀਨ ਕਿਊਬਾ ’ਚ ਇਸ ਨੂੰ ਲੈ ਕੇ ਇਕ ਸਮਝੌਤਾ ਹੋਇਆ ਹੈ। ਇਸ ਲਈ ਚੀਨ ਵੱਲੋਂ ਅਰਬਾਂ ਡਾਲਰ ਦਿੱਤੇ ਜਾਣਗੇ। ਇੱਥੇ ਬਣਾਏ ਜਾਣ ਵਾਲੇ ਜਾਸੂਸੀ ਅੱਡੇ ਦੀ ਮਦਦ ਨਾਲ ਅਮਰੀਕਾ ਦੇ ਦੱਖਣ-ਪੂਰਬ ’ਚ ਸਥਿਤ ਇਲਾਕਿਆਂ ਦੇ ਇਲੈਕਟ੍ਰਾਨਿਕ ਕਮਿਊਨੀਕੇਸ਼ਨ ਦਾ ਅੰਕੜਾ ਇਕੱਠਾ ਕੀਤਾ ਜਾਵੇਗਾ। ਇੱਥੇ ਆਸਪਾਸ ਅਮਰੀਕਾ ਦੇ ਕਈ ਫ਼ੌਜੀ ਟਿਕਾਣੇ ਸਥਿਤ ਹਨ।