ਦੁਨੀਆ ਦੇ ਨੰਬਰ ਇਕ ਟੈਨਿਸ ਖਿਡਾਰੀ ਨੋਵਾਕ ਜੋਕੋਵਿਕ ਦੀ ਜੇਤੂ ਮੁਹਿੰਮ ਜਾਰੀ ਹੈ। ਇਸ ਸਾਲ ਉਨ੍ਹਾਂ ਨੇ ਲਗਾਤਾਰ ਆਪਣਾ 25ਵਾਂ ਗਰੈਂਡ ਸਲੈਮ ਮੁਕਾਬਲਾ ਜਿੱਤਿਆ। ਉਨ੍ਹਾਂ ਨੇ ਅਮਰੀਕਾ ਦੇ ਜੇਨਸਨ ਬਰੁਕਸਬੀ ਨੂੰ ਹਰਾ ਕੇ ਕੁਆਰਟਰ ਫਾਈਨਲ ਵਿਚ ਥਾਂ ਬਣਾਈ। ਹੁਣ ਉਹ ਆਪਣੇ ਰਿਕਾਰਡ 21ਵੇਂ ਗਰੈਂਡ ਸਲੈਮ ਦੀ ਖ਼ਿਤਾਬੀ ਜਿੱਤ ਤੋਂ ਸਿਰਫ਼ ਤਿੰਨ ਕਦਮ ਦੀ ਦੂਰੀ ‘ਤੇ ਖੜ੍ਹੇ ਹਨ। 20 ਸਾਲਾ ਬਰੁਕਸਬੀ ਖ਼ਿਲਾਫ਼ ਜੋਕੋਵਿਕ ਦੀ ਸ਼ੁਰੂਆਤ ਚੰਗੀ ਨਹੀਂ ਰਹੀ ਸੀ ਪਰ ਇਸ ਦੇ ਬਾਵਜੂਦ ਉਨ੍ਹਾਂ ਨੇ ਦਮਦਾਰ ਵਾਪਸੀ ਕਰਦੇ ਹੋਏ ਮੈਚ ਨੂੰ ਚਾਰ ਸੈੱਟਾਂ ਵਿਚ 1-6, 6-3, 6-2, 6-2 ਨਾਲ ਆਪਣੇ ਨਾਂ ਕਰ ਲਿਆ। ਆਰਥਰ ਏਸ਼ ਸਟੇਡੀਅਮ ਵਿਚ ਪਹਿਲੀ ਵਾਰ ਟੈਨਿਸ ਦੇ ਬਿਗ ਥ੍ਰੀ ਵਿਚ ਸ਼ਾਮਲ ਨੋਵਾਕ ਜੋਕੋਵਿਕ ਖ਼ਿਲਾਫ਼ ਖੇਡਦੇ ਹੋਏ ਬਰੁਕਸਬੀ ਨੇ ਪਹਿਲਾ ਸੈੱਟ 6-1 ਨਾਲ ਇਕਤਰਫ਼ਾ ਅੰਦਾਜ਼ ‘ਚ ਜਿੱਤ ਕੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ। ਪਹਿਲੇ ਸੈੱਟ ਦੌਰਾਨ ਜੋਕੋਵਿਕ ਨੇ 11 ਗ਼ਲਤੀਆਂ ਕੀਤੀਆਂ ਜਦਕਿ ਬਰੁਕਸਬੀ ਨੇ ਸਿਰਫ਼ ਇਕ ਗ਼ਲਤੀ ਕਰਦੇ ਹੋਏ ਪ੍ਰਸ਼ੰਸਕਾਂ ਦਾ ਦਿਲ ਜਿੱਤ ਲਿਆ। ਇਸ ਸੈੱਟ ਤੋਂ ਬਾਅਦ ਸਟੇਡੀਅਮ ਵਿਚ ਮੌਜੂਦ ਸਾਰੇ 23000 ਦਰਸ਼ਕ ਆਪਣੇ ਘਰੇਲੂ ਖਿਡਾਰੀ ਬਰੁਕਸਬੀ ਦਾ ਹੌਸਲਾ ਵਧਾਉਣ ਲੱਗੇ। ਪਹਿਲੇ ਸੈੱਟ ਵਿਚ ਨਿਰਾਸ਼ ਜੋਕੋਵਿਕ ਨੇ ਦੂਜੇ ਸੈੱਟ ਵਿਚ ਦਮਦਾਰ ਵਾਪਸੀ ਕੀਤੀ ਤੇ ਬਰੁਕਸਬੀ ਦੀ ਸਰਵਿਸ ਤੋੜਦੇ ਹੋਏ ਉਨ੍ਹਾਂ ਨੇ ਜਦ ਸਕੋਰ 2-0 ਕੀਤਾ ਤਾਂ ਉਹ ਹਵਾ ਵਿਚ ਛਾਲ ਮਾਰ ਕੇ ਖ਼ੁਸ਼ੀ ਮਨਾਉਣ ਲੱਗੇ।ਛੇ ਬ੍ਰੇਕ ਪੁਆਇੰਟ ਦਾ ਰੋਮਾਂਚ : ਦੂਜੇ ਸੈੱਟ ਵਿਚ ਜਦ ਸਕੋਰ ਇਕ ਸਮੇਂ 3-1 ‘ਤੇ ਸੀ ਤਾਂ ਉਸ ਸਮੇਂ ਜੋਕੋਵਿਕ ਸਰਵਿਸ ਕਰ ਰਹੇ ਸੀ। ਜੋਕੋਵਿਕ ਤੇ ਬਰੁਕਸਬੀ ਵਿਚਾਲੇ ਨੌਂ ਵਾਰ ਡਿਊਸ ਤੇ 24 ਅੰਕਾਂ ਦੀ ਗੇਮ ਦੇਖਣ ਨੂੰ ਮਿਲੀ। ਇਸ ਵਿਚ ਜੋਕੋਵਿਕ ਨੇ ਛੇ ਵਾਰ ਆਪਣੀ ਸਰਵਿਸ ‘ਤੇ ਬ੍ਰੇਕ ਪੁਆਇੰਟ ਬਚਾਇਆ ਪਰ ਅੰਤ ਵਿਚ ਬਰੁਕਸਬੀ ਨੇ ਧੀਰਜ ਨਾ ਗੁਆਉਂਦੇ ਹੋਏ 20 ਮਿੰਟ ਤਕ ਚੱਲੀ ਇਸ ਗੇਮ ਨੂੰ ਆਪਣੇ ਨਾਂ ਕਰਦੇ ਹੋਏ ਸਕੋਰ 2-3 ਕਰ ਦਿੱਤਾ। ਹਾਲਾਂਕਿ ਇਸ ਮੈਰਾਥਨ ਗੇਮ ਤੋਂ ਬਾਅਦ ਜੋਕੋਵਿਕ ਨੇ ਫਿਰ ਦੁਬਾਰਾ ਅਮਰੀਕਾ ਦੇ ਇਸ ਖਿਡਾਰੀ ਨੂੰ ਕੋਰਟ ‘ਤੇ ਟਿਕਣ ਨਹੀਂ ਦਿੱਤਾ ਤੇ ਇਹ ਸੈੱਟ 6-3 ਨਾਲ ਜਿੱਤਿਆ। ਉਨ੍ਹਾਂ ਨੇ ਅਗਲੇ ਦੋਵੇਂ ਸੈੱਟਾਂ ਨੂੰ ਆਸਾਨੀ ਨਾਲ 6-2, 6-2 ਨਾਲ ਆਪਣੇ ਨਾਂ ਕਰਦੇ ਹੋਏ ਪ੍ਰਰੀ-ਕੁਆਰਟਰ ਫਾਈਨਲ ਵਿਚ ਥਾਂ ਬਣਾਈ। ਹੁਣ ਕੁਆਰਟਰ ਫਾਈਨਲ ਵਿਚ ਜੋਕੋਵਿਕ ਦਾ ਮੁਕਾਬਲਾ ਇਟਲੀ ਦੇ ਨੰਬਰ ਛੇ ਖਿਡਾਰੀ ਮਾਟੇਓ ਬੇਰੇਟੀਨੀ ਨਾਲ ਹੋਵੇਗਾ।
ਨਿਊਯਾਰਕ (ਏਪੀ) : ਗ੍ਰੀਸ ਦੀ ਮਾਰੀਆ ਸਕਾਰੀ ਨੇ ਕੈਨੇਡਾ ਦੀ ਬਿਆਂਕਾ ਆਂਦ੍ਰੇਸਕੂ ਨੂੰ ਹਰਾ ਕੇ ਯੂਐੱਸ ਓਪਨ ਦੇ ਕੁਆਰਟਰ ਫਾਈਨਲ ਵਿਚ ਥਾਂ ਬਣਾ ਲਈ ਹੈ। ਵਿਸ਼ਵ ਦੀ 18ਵੇਂ ਨੰਬਰ ਦੀ ਖਿਡਾਰਨ ਸਕਾਰੀ ਨੇ 2019 ਯੂਐੱਸ ਓਪਨ ਚੈਂਪੀਅਨ ਆਂਦ੍ਰੇਸਕੂ ਨੂੰ ਤਿੰਨ ਘੰਟੇ 30 ਮਿੰਟ ਤਕ ਚੱਲੇ ਮੁਕਾਬਲੇ ਵਿਚ 6-7 (2-7), 7-6 (8-6), 6-3 ਨਾਲ ਹਰਾਇਆ। ਉਥੇ ਹੋਰ ਮੈਚ ‘ਚ ਟੋਕੀਓ ਓਲੰਪਿਕ ਵਿਚ ਗੋਲਡ ਮੈਡਲ ਜਿੱਤਣ ਤੋਂ ਬਾਅਦ ਸਵਿਟਜ਼ਰਲੈਂਡ ਦੀ ਬੇਲਿੰਡਾ ਬੇਨਕਿਕ ਨੇ ਸੱਤਵਾਂ ਦਰਜਾ ਹਾਸਲ ਪੋਲੈਂਡ ਦੀ ਇਗਾ ਸਵੀਆਤੇਕ ਨੂੰ 7-6, (14-12), 6-3 ਨਾਲ ਹਰਾ ਕੇ ਕੁਆਰਟਰ ਫਾਈਨਲ ਵਿਚ ਥਾਂ ਬਣਾ ਲਈ ਹੈ। ਬੇਨਿਕਕ ਦਾ ਕੁਆਰਟਰ ਫਾਈਨਲ ਵਿਚ ਸਾਹਮਣਾ ਬਿ੍ਟੇਨ ਦੀ ਕੁਆਲੀਫਾਇਰ ਏਮਾ ਰਾਡੂਕਾਨੂ ਨਾਲ ਹੋਵੇਗਾ।
ਬੋਪੰਨਾ-ਡੋਡਿਗ ਦੀ ਹਾਰ ਨਾਲ ਭਾਰਤੀ ਚੁਣੌਤੀ ਖ਼ਤਮ
ਨਿਊਯਾਰਕ (ਪੀਟੀਆਈ) : ਭਾਰਤ ਦੇ ਤਜਰਬੇਕਾਰ ਟੈਨਿਸ ਖਿਡਾਰੀ ਰੋਹਨ ਬੋਪੰਨਾ ਤੇ ਕ੍ਰੋਏਸ਼ੀਆ ਦੇ ਉਨ੍ਹਾਂ ਦੇ ਜੋੜੀਦਾਰ ਇਵਾਨ ਡੋਡਿਗ ਨੂੰ ਯੂਐੱਸ ਓਪਨ ਦੇ ਮਰਦ ਡਬਲਜ਼ ਦੇ ਤੀਜੇ ਗੇੜ ਵਿਚ ਸਖ਼ਤ ਚੁਣੌਤੀ ਪੇਸ਼ ਕਰਨ ਦੇ ਬਾਵਜੂਦ ਰਾਜੀਵ ਰਾਮ ਤੇ ਜੋ ਸਾਲਿਸਬਰੀ ਦੀ ਚੌਥਾ ਦਰਜਾ ਹਾਸਲ ਜੋੜੀ ਖ਼ਿਲਾਫ਼ ਹਾਰ ਦਾ ਸਾਹਮਣਾ ਕਰਨਾ ਪਿਆ। ਬੋਪੰਨਾ ਤੇ ਡੋਡਿਗ ਦੀ 13ਵਾਂ ਦਰਜਾ ਜੋੜੀ ਨੂੰ ਆਸਟ੍ਰੇਲੀਅਨ ਓਪਨ ਦੀ ਉੱਪ ਜੇਤੂ ਜੋੜੀ ਖ਼ਿਲਾਫ਼ ਦੋ ਘੰਟੇ ਤੇ 30 ਮਿੰਟ ਤਕ ਚੱਲੇ ਮੁਕਾਬਲੇ ਵਿਚ 7-6 (7-3), 4-6, 6-7 (3-7) ਨਾਲ ਮਾਤ ਦਾ ਸਾਹਮਣਾ ਕਰਨਾ ਪਿਆ। ਬੋਪੰਨਾ ਤੇ ਡੋਡਿਗ ਦੀ ਹਾਰ ਨਾਲ ਸੈਸ਼ਨ ਦੇ ਆਖ਼ਰੀ ਗਰੈਂਡ ਸਲੈਮ ਟੂਰਨਾਮੈਂਟ ਵਿਚ ਭਾਰਤੀ ਚੁਣੌਤੀ ਖ਼ਤਮ ਹੋ ਗਈ। ਸਾਨੀਆ ਮਿਰਜ਼ਾ ਨੂੰ ਮਹਿਲਾ ਤੇ ਮਿਕਸਡ ਡਬਲਜ਼ ਦੋਵਾਂ ਵਿਚ ਪਹਿਲੇ ਗੇੜ ਵਿਚ ਹੀ ਹਾਰ ਮਿਲੀ ਸੀ ਜਦਕਿ ਅੰਕਿਤਾ ਰੈਨਾ ਵੀ ਮਹਿਲਾ ਡਬਲਜ਼ ਵਿਚ ਹਾਰ ਗਈ। ਪ੍ਰਜਨੇਸ਼ ਗੁਣੇਸ਼ਵਰਨ, ਸੁਮਿਤ ਨਾਗਲ ਤੇ ਰਾਮ ਕੁਮਾਰ ਰਾਮਨਾਥਨ ਸਿੰਗਲਜ਼ ਗੇੜ ਦੇ ਮੁੱਖ ਡਰਾਅ ਵਿਚ ਥਾਂ ਬਣਾਉਣ ਵਿਚ ਨਾਕਾਮ ਰਹੇ ਤੇ ਕੁਆਲੀਫਾਇਰ ਵਿਚ ਹੀ ਹਾਰ ਗਏ ਸਨ।