ਚੀਨ ਦੀ ਧਮਕੀ ਨੂੰ ਇਕ ਪਾਸੇ ਰੱਖਦਿਆਂ ਅਮਰੀਕੀ ਸੰਸਦ ਮੈਂਬਰਾਂ ਦਾ ਇਕ ਹੋਰ ਵਫ਼ਦ ਤਾਈਵਾਨ ਦੇ ਦੌਰੇ ‘ਤੇ ਹੈ। ਦੋਵਾਂ ਅਮਰੀਕੀ ਪਾਰਟੀਆਂ ਦੇ ਸੰਸਦ ਮੈਂਬਰਾਂ ਦਾ ਅੱਠ ਮੈਂਬਰੀ ਵਫ਼ਦ ਵੱਖ-ਵੱਖ ਮੁੱਦਿਆਂ ‘ਤੇ ਚਰਚਾ ਕਰਨ ਲਈ ਤਾਈਵਾਨ ਦੇ ਰਾਸ਼ਟਰਪਤੀ ਸਾਈ ਵੇਂਗ-ਇਨ ਨਾਲ ਮੁਲਾਕਾਤ ਕਰੇਗਾ। ਅਮਰੀਕੀ ਵਫ਼ਦ ਦੀ ਅਗਵਾਈ ਫਲੋਰਿਡਾ ਤੋਂ ਡੈਮੋਕਰੇਟਿਕ ਸੰਸਦ ਮੈਂਬਰ ਸਟੈਫਨੀ ਮਰਫੀ ਕਰ ਰਹੀ ਹੈ। ਮਰਫੀ ਉਨ੍ਹਾਂ ਸੰਸਦ ਮੈਂਬਰਾਂ ਵਿੱਚੋਂ ਇੱਕ ਹੈ ਜਿਨ੍ਹਾਂ ਨੇ ਤਾਈਵਾਨ ਦੇ ਸਮਰਥਨ ਵਿੱਚ ਹਥਿਆਰਾਂ ਦੀ ਵਿਕਰੀ ਦੀ ਆਗਿਆ ਦੇਣ ਵਾਲਾ ਇੱਕ ਬਿੱਲ ਪੇਸ਼ ਕੀਤਾ ਸੀ। ਇਹ ਅਜਿਹਾ ਹੀ ਬਿੱਲ ਹੈ ਜੋ ਯੂਕਰੇਨ ਲਈ ਪਾਸ ਕੀਤਾ ਗਿਆ ਸੀ।
ਅਮਰੀਕਾ ਤਾਇਵਾਨ ਨੂੰ ਇਕ ਅਰਬ ਡਾਲਰ ਦੇ ਹਥਿਆਰ ਵੇਚੇਗਾ
ਪਿਛਲੇ ਹਫ਼ਤੇ, ਬਾਇਡਨ ਪ੍ਰਸ਼ਾਸਨ ਨੇ ਤਾਈਵਾਨ ਨੂੰ 1 ਬਿਲੀਅਨ ਡਾਲਰ ਦੇ ਹਥਿਆਰਾਂ ਦੀ ਵਿਕਰੀ ਨੂੰ ਮਨਜ਼ੂਰੀ ਦਿੱਤੀ ਸੀ। ਵਫ਼ਦ ਦੇ ਹੋਰ ਸੰਸਦ ਮੈਂਬਰਾਂ ਵਿੱਚ ਹਵਾਈ ਤੋਂ ਡੈਮੋਕ੍ਰੇਟਿਕ ਸੰਸਦ ਮੈਂਬਰ ਕੇਲੀ ਕੇਹੇਲ ਅਤੇ ਫਲੋਰੀਡਾ ਤੋਂ ਰਿਪਬਲਿਕਨ ਸੰਸਦ ਮੈਂਬਰ ਸਕਾਟ ਫਰੈਂਕਲਿਨ ਦੇ ਨਾਲ-ਨਾਲ ਜੋਏ ਵਿਲਸਨ, ਐਂਡੀ ਬਾਰ, ਡੈਰੇਲ ਈਸਾ, ਕਲਾਉਡੀਆ ਟੈਨੀ ਅਤੇ ਕੈਟ ਕੈਮਕ ਸ਼ਾਮਲ ਹਨ। ਜ਼ਿਕਰਯੋਗ ਹੈ ਕਿ ਅਮਰੀਕੀ ਪ੍ਰਤੀਨਿਧੀ ਸਭਾ ਦੀ ਸਪੀਕਰ ਨੈਨਸੀ ਪੇਲੋਸੀ ਦੇ ਦੌਰੇ ਤੋਂ ਬਾਅਦ ਚੀਨ ਅਤੇ ਤਾਈਵਾਨ ਵਿਚਾਲੇ ਤਣਾਅ ਆਪਣੇ ਸਿਖਰ ‘ਤੇ ਹੈ। ਇਸ ਦੇ ਜਵਾਬ ‘ਚ ਚੀਨ ਲਗਾਤਾਰ ਫ਼ੌਜੀ ਅਭਿਆਸ ਕਰਵਾ ਕੇ ਤਾਇਵਾਨ ਨੂੰ ਧਮਕਾਉਣ ਦੀ ਕੋਸ਼ਿਸ਼ ਕਰ ਰਿਹਾ ਹੈ।
ਨੈਨਸੀ ਪੇਲੋਸੀ ਦੇ ਤਾਈਵਾਨ ਦੌਰੇ ਤੋਂ ਬਾਅਦ ਚੀਨ ਨਾਲ ਤਣਾਅ ਵਧ ਗਿਐ
ਜ਼ਿਕਰਯੋਗ ਹੈ ਕਿ ਅਮਰੀਕੀ ਪ੍ਰਤੀਨਿਧੀ ਸਭਾ ਦੀ ਸਪੀਕਰ ਨੈਨਸੀ ਪੇਲੋਸੀ ਦੇ ਤਾਇਵਾਨ ਦੌਰੇ ਤੋਂ ਬਾਅਦ ਚੀਨ ਕਾਫੀ ਗੁੱਸੇ ‘ਚ ਹੈ। ਇਸ ਦੌਰੇ ਤੋਂ ਬਾਅਦ ਚੀਨ ਨੇ ਤਾਈਵਾਨ ਦੇ ਆਲੇ-ਦੁਆਲੇ ਆਪਣੇ ਜੰਗੀ ਬੇੜੇ ਤਾਇਨਾਤ ਕਰ ਦਿੱਤੇ ਹਨ। ਚੀਨ ਦਾ ਕਹਿਣਾ ਹੈ ਕਿ ਨੈਨਸੀ ਦੀ ਫੇਰੀ ਤੋਂ ਬਾਅਦ ਉਹ ਇਸ ਨੂੰ ਜਲਦੀ ਤੋਂ ਜਲਦੀ ਆਪਣੇ ਖੇਤਰ ਵਿੱਚ ਜੋੜਨ ਵਿੱਚ ਮਦਦ ਕਰੇਗਾ। ਹਾਲਾਂਕਿ ਤਾਈਵਾਨ ਵੀ ਕਿਸੇ ਵੀ ਤਰ੍ਹਾਂ ਦੀ ਸਥਿਤੀ ਦਾ ਸਾਹਮਣਾ ਕਰਨ ਲਈ ਪੂਰੀ ਤਰ੍ਹਾਂ ਤਿਆਰ ਹੈ।
ਹਾਲ ਹੀ ‘ਚ ਤਾਈਵਾਨ ਨੇ ਚੀਨ ਦੇ ਇਕ ਡਰੋਨ ਜਹਾਜ਼ ਨੂੰ ਡੇਗ ਦਿੱਤਾ ਸੀ। ਇਸ ਦੇ ਨਾਲ ਹੀ ਚੀਨ ਦੇ ਜੰਗੀ ਬੇੜੇ ਦੋਹਾਂ ਦੇਸ਼ਾਂ ਵਿਚਾਲੇ ਸਮੁੰਦਰ ‘ਚ ਖਿੱਚੀ ਗਈ ਸਰਹੱਦ ਦੀ ਲਗਾਤਾਰ ਉਲੰਘਣਾ ਕਰ ਰਹੇ ਹਨ। ਤਾਈਵਾਨ ਨੇ ਵੀ ਕਈ ਵਾਰ ਇਸ ਵੱਲ ਧਿਆਨ ਦਿੱਤਾ ਹੈ।