ਅਮਰੀਕਾ ਅਤੇ 11 ਹੋਰ ਦੇਸ਼ਾਂ ਨੇ ਲਾਲ ਸਾਗਰ ਨੂੰ ਹੂਤੀ ਬਾਗੀਆਂ ਦੇ ਹਮਲਿਆਂ ਤੋਂ ਸੁਰੱਖਿਅਤ ਬਣਾਉਣ ਲਈ ਹੱਥ ਮਿਲਾਉਣ ਦਾ ਐਲਾਨ ਕੀਤਾ ਹੈ। ਇਸ ‘ਚ ਕਿਹਾ ਗਿਆ ਹੈ ਕਿ ਜੇਕਰ ਲਾਲ ਸਾਗਰ ‘ਚ ਮਾਲਵਾਹਕ ਜਹਾਜ਼ਾਂ ‘ਤੇ ਹਮਲਾ ਹੁੰਦਾ ਹੈ ਤਾਂ ਗਠਜੋੜ ‘ਚ ਸ਼ਾਮਲ ਦੇਸ਼ਾਂ ਦੀਆਂ ਜਲ ਸੈਨਾਵਾਂ ਸਾਂਝੀਆਂ ਕਾਰਵਾਈਆਂ ਕਰਨਗੀਆਂ। ਗਠਜੋੜ ਨੇ ਇੱਕ ਸਾਂਝੇ ਬਿਆਨ ਵਿੱਚ ਕਿਹਾ ਹੈ ਕਿ ਲਾਲ ਸਾਗਰ ਵਿੱਚ ਹੁਣ ਗੈਰ-ਕਾਨੂੰਨੀ ਗਤੀਵਿਧੀਆਂ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ। ਹੁਣ ਜੇਕਰ ਉੱਥੇ ਕੁਝ ਹੁੰਦਾ ਹੈ ਤਾਂ ਇਸ ਲਈ ਹਾਉਤੀ ਬਾਗੀ ਜ਼ਿੰਮੇਵਾਰ ਹੋਣਗੇ।
ਅਮਰੀਕਾ ਦੀ ਅਗਵਾਈ ਵਾਲੇ ਇਸ ਫੌਜੀ ਗਠਜੋੜ ਵਿਚ ਆਸਟ੍ਰੇਲੀਆ, ਬਹਿਰੀਨ, ਬੈਲਜੀਅਮ, ਬ੍ਰਿਟੇਨ, ਕੈਨੇਡਾ, ਡੈਨਮਾਰਕ, ਜਰਮਨੀ, ਇਟਲੀ, ਜਾਪਾਨ, ਨੀਦਰਲੈਂਡ ਅਤੇ ਨਿਊਜ਼ੀਲੈਂਡ ਸ਼ਾਮਲ ਹਨ। ਦੱਸ ਦਈਏ ਕਿ ਗਾਜ਼ਾ ‘ਚ ਇਜ਼ਰਾਈਲ ਦੀ ਫੌਜੀ ਕਾਰਵਾਈ ਦੇ ਵਿਰੋਧ ‘ਚ ਯਮਨ ਦੇ ਹੂਤੀ ਬਾਗੀਆਂ ਨੇ ਲਾਲ ਸਾਗਰ ਤੋਂ ਇਜ਼ਰਾਈਲ ਵੱਲ ਜਾ ਰਹੇ ਮਾਲਵਾਹਕ ਜਹਾਜ਼ ‘ਤੇ ਹਮਲਾ ਕੀਤਾ ਹੈ। ਇਸ ਕਾਰਨ ਦੁਨੀਆ ਦੇ ਸਭ ਤੋਂ ਵਿਅਸਤ ਜਲ ਮਾਰਗਾਂ ‘ਚੋਂ ਇਕ ਲਾਲ ਸਾਗਰ ਰੂਟ ‘ਤੇ ਜਹਾਜ਼ਾਂ ਦੀ ਆਵਾਜਾਈ ‘ਚ ਵਿਘਨ ਪਿਆ ਹੈ।
ਜ਼ਿਕਰਯੋਗ ਹੈ ਕਿ ਹਾਲ ਹੀ ‘ਚ ਹੂਤੀ ਬਾਗੀਆਂ ਨੇ ਲਾਲ ਸਾਗਰ ‘ਚ ਉਨ੍ਹਾਂ ਜਹਾਜ਼ਾਂ ‘ਤੇ ਹਮਲਾ ਕੀਤਾ ਹੈ ਜੋ ਇਜ਼ਰਾਈਲ ਨਾਲ ਜੁੜੇ ਹੋਏ ਹਨ ਜਾਂ ਫਿਰ ਇਜ਼ਰਾਇਲੀ ਬੰਦਰਗਾਹਾਂ ਵੱਲ ਜਾ ਰਹੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਹਮਲਿਆਂ ਦਾ ਉਦੇਸ਼ ਗਾਜ਼ਾ ਪੱਟੀ ਵਿੱਚ ਇਜ਼ਰਾਇਲੀ ਹਵਾਈ ਅਤੇ ਜ਼ਮੀਨੀ ਹਮਲਿਆਂ ਨੂੰ ਖ਼ਤਮ ਕਰਨਾ ਹੈ।