US new epicenter: ਵਾਸ਼ਿੰਗਟਨ: ਪਿਛਲੇ ਸਾਲ ਦੇ ਅੰਤ ਵਿੱਚ ਚੀਨ ਤੋਂ ਸ਼ੁਰੂ ਹੋਏ ਕੋਰੋਨਾ ਵਾਇਰਸ ਨੇ ਆਪਣੀ ਦਹਿਸ਼ਤ ਹੁਣ ਪੂਰੀ ਦੁਨੀਆ ਵਿੱਚ ਫੈਲਾ ਦਿੱਤੀ ਹੈ । ਇਸ ਦੇ ਸਭ ਤੋਂ ਵੱਧ ਮਾਮਲੇ ਹੁਣ ਤੱਕ USA ਵਿੱਚ ਪਾਏ ਗਏ ਹਨ । USA ਨੇ ਕੋਰੋਨਾ ਵਾਇਰਸ ਦੇ ਮਾਮਲਿਆਂ ਵਿੱਚ ਇਟਲੀ ਅਤੇ ਚੀਨ ਨੂੰ ਵੀ ਪਿੱਛੇ ਛੱਡ ਦਿੱਤਾ ਹੈ । ਕੋਰੋਨਾ ਦੇ ਸਭ ਤੋਂ ਵੱਧ ਪਾਜ਼ਿਟਿਵ ਮਾਮਲਿਆਂ ਵਿੱਚ ਹੁਣ ਅਮਰੀਕਾ ਪਹਿਲੇ ਸਥਾਨ ’ਤੇ ਪਹੁੰਚ ਗਿਆ ਹੈ । ਰਿਪੋਰਟਾਂ ਅਨੁਸਾਰ ਅਮਰੀਕਾ ਵਿੱਚ ਕੋਰੋਨਾ ਮਰੀਜ਼ਾਂ ਦੀ ਗਿਣਤੀ ਵੱਧ ਕੇ ਹੁਣ 81,321 ਹੋ ਗਈ ਹੈ । ਇਸ ਤੋਂ ਬਾਅਦ ਸੰਕ੍ਰਮਿਤ ਮਰੀਜ਼ਾਂ ਨਾਲ ਦੂਜੇ ਨੰਬਰ ‘ਤੇ ਚੀਨ ਤੇ ਤੀਜੇ ਨੰਬਰ ‘ਤੇ ਇਟਲੀ ਹੈ । ਇਸ ਵਾਇਰਸ ਨਾਲ ਸਬੰਧੀ ਚੀਨ ਵਿੱਚ 81,285 ਕੋਰੋਨਾ ਪਾਜ਼ਿਟਿਵ ਮਾਮਲੇ ਤੇ ਇਟਲੀ ਵਿੱਚ 80,539 ਕੋਰੋਨਾ ਪਾਜ਼ਿਟਿਵ ਮਾਮਲੇ ਸਾਹਮਣੇ ਆਏ ਹਨ ।
ਅਮਰੀਕਾ ਦਾ ਮਹਾਂਨਗਰ ਨਿਊਯਾਰਕ ਇਸ ਬੀਮਾਰੀ ਦੇ ਮੁੱਖ ਕੇਂਦਰ ਵਜੋਂ ਉੱਭਰਿਆ ਹੈ । ਸ਼ਹਿਰ ਦੇ ਵਿਸ਼ਾਲ ਕਨਵੈਨਸ਼ਨ ਸੈਂਟਰ ਨੂੰ ਹੁਣ ਹਸਪਤਾਲ ਵਿੱਚ ਬਦਲਿਆ ਜਾ ਰਿਹਾ ਹੈ । ਨਿਊ ਯਾਰਕ ਸੂਬੇ ਵਿੱਚ ਕੋਵਿਡ-19 ਨਾਲ ਸੰਕ੍ਰਮਿਤ ਮਾਮਲੇ 23,112 ਹੋ ਗਏ ਹਨ ਅਤੇ ਹੁਣ ਤਕ ਕੁੱਲ 365 ਲੋਕਾਂ ਦੀ ਮੌਤ ਹੋ ਚੁੱਕੀ ਹੈ । ਉੱਥੇ ਹੀ ਦੂਜੇ ਪਾਸੇ ਯੂਰਪ ਵਿੱਚ ਸਪੇਨ ਅਜਿਹਾ ਦੇਸ਼ ਹੈ, ਜਿੱਥੇ ਕੋਰੋਨਾ ਵਾਇਰਸ ਦਾ ਕਹਿਰ ਸਭ ਤੋਂ ਵੱਧ ਤੇਜ਼ੀ ਨਾਲ ਫੈਲ ਰਿਹਾ ਹੈ । ਇਸਦੇ ਨਾਲ ਹੀ ਦੁਨੀਆ ਭਰ ਵਿੱਚ ਕੋਰੋਨਾ ਵਾਇਰਸ ਤੋਂ ਪੀੜਤਾਂ ਦੀ ਗਿਣਤੀ 5 ਲੱਖ ਨੂੰ ਪਾਰ ਕਰ ਚੁੱਕੀ ਹੈ ।
ਉੱਥੇ ਹੀ ਜੇਕਰ ਭਾਰਤ ਦੀ ਗੱਲ ਕਰੀਏ ਤਾਂ ਕੋਵਿਡ-19 ਨਾਲ ਸੰਕ੍ਰਮਿਤ ਮਾਮਲੇ 772 ਹੋ ਗਏ ਹਨ, ਜਦਕਿ 16 ਲੋਕਾਂ ਦੀ ਮੌਤ ਹੋ ਚੁੱਕੀ ਹੈ । ਭਾਰਤ ਵਿੱਚ 22 ਸੂਬਿਆਂ ਦੇ 75 ਜ਼ਿਲ੍ਹਿਆਂ ਵਿੱਚ ਕੋਰੋਨਾ ਵਾਇਰਸ ਦੇ ਸੰਕਰਮਣ ਦੀ ਪੁਸ਼ਟੀ ਹੋਈ ਹੈ । ਮਹਾਰਾਸ਼ਟਰ, ਕਰਨਾਟਕ, ਕੇਰਲ, ਦਿੱਲੀ-ਐੱਨ. ਸੀ. ਆਰ. ਤੇ ਉੱਤਰ ਪ੍ਰਦੇਸ਼ ਸਭ ਤੋਂ ਵੱਧ ਪ੍ਰਭਾਵਿਤ ਹਨ ।
ਦੱਸ ਦੇਈਏ ਕਿ ਪੂਰੀ ਦੁਨੀਆ ਦੇ ਲਗਭਗ 2.8 ਅਰਬ (280 ਕਰੋੜ) ਯਾਨੀ ਈ ਪੂਰੀ ਦੁਨੀਆ ਦੀ ਇੱਕ-ਤਿਹਾਈ ਤੋਂ ਵੱਧ ਦੀ ਆਬਾਦੀ ਉੱਤੇ ਲਾਕ ਡਾਊਨ ਕਾਰਨ ਯਾਤਰਾਵਾਂ ਕਰਨ ‘ਤੇ ਰੋਕ ਲੱਗੀ ਹੋਈ ਹੈ । ਵਿਸ਼ਵ ਸਿਹਤ ਸੰਗਠਨ (WHO) ਨੇ ਕੋਰੋਨਾ ਵਾਇਰਸ ਦੇ ਮਾਮਲੇ ਵਿੱਚ ਸਿਆਸਤ ਨਾ ਕਰਨ ਦੀ ਅਪੀਲ ਵੀ ਕੀਤੀ ਹੈ ।