ਅਮਰੀਕੀ ਸੂਬੇ ਉੱਤਰੀ ਕੈਰੋਲੀਨਾ ਦੇ ਨਿਊਪੋਰਟ ਸ਼ਹਿਰ ’ਚ 46 ਸਾਲਾ ਭਾਰਤਵੰਸ਼ੀ ਮੋਟਲ ਮਾਲਕ ਦੀ ਗੋਲ਼ੀ ਮਾਰ ਕੇ ਹੱਤਿਆ ਕਰ ਦਿੱਤੀ ਗਈ। ਹੱਤਿਆ ਕਰਨ ਤੋਂ ਬਾਅਦ ਹਮਲਾਵਰ ਨੇ ਵੀ ਖ਼ੁਦ ਨੂੰ ਗੋਲ਼ੀ ਮਾਰ ਲਈ। ਪੁਲਿਸ ਨੇ ਦੱਸਿਆ ਕਿ ਹਮਲਾਵਰ ਨੇ ਜਾਨ ਲੈਣ ਤੋਂ ਪਹਿਲਾਂ ਖ਼ੁਦ ਨੂੰ ਇਕ ਕਮਰੇ ’ਚ ਕੈਦ ਕਰ ਲਿਆ ਸੀ।
ਨਿਊਪੋਰਟ ਪੁਲਿਸ ਮੁਖੀ ਕੀਥ ਲੁਇਸ ਨੇ ਕਿਹਾ ਕਿ ਬੁੱਧਵਾਰ ਨੂੰ 10 ਵਜੇ ਉਨ੍ਹਾਂ ਨੂੰ ਇਕ ਕਾਲ ਆਈ ਜਿਸ ’ਚ ਪੁਲਿਸ ਨੂੰ ਹੋਸਟੇਜ ਹਾਊਸ ’ਚ ਇਕ ਵਿਅਕਤੀ ਵੱਲੋਂ ਕਬਜ਼ਾ ਕਰਨ ਦੀ ਜਾਣਕਾਰੀ ਦਿੱਤੀ ਗਈ। ਥੋੜ੍ਹੀ ਦੇਰ ਬਾਅਦ ਦੂਜੀ ਕਾਲ ਆਈ ਜਿਸ ’ਚ ਦੱਸਿਆ ਗਿਆ ਕਿ ਉਸ ਨੇ ਖ਼ੁਦ ਨੂੰ ਗੋਲ਼ੀ ਮਾਰ ਲਈ। ਹਮਲਾਵਰ ਦੀ ਪਛਾਣ ਟੋਰੀ ਕੇੱਲਮ ਵਜੋਂ ਹੋਈ ਹੈ। ਜ਼ਖ਼ਮੀ ਮੋਟਲ ਮਾਲਕ ਸੱਤਿਅਮ ਨੂੰ ਬਾਹਰ ਕੱਢਣ ਤੋਂ ਬਾਅਦ ਬਚਾਅ ਕਾਮੇ ਉਸ ਨੂੰ ਇਲਾਜ ਲਈ ਹਸਪਤਾਲ ਲੈ ਗਏ ਜਿੱਥੇ ਉਨ੍ਹਾਂ ਨੂੰ ਮਿ੍ਰਤਕ ਐਲਾਨ ਦਿੱਤਾ ਗਿਆ। ਸਪੈਸ਼ਲ ਰਿਸਪਾਂਸ ਟੀਮ (ਐੱਸਆਈਟੀ) ਕੇੱਲਮ ਨੂੰ ਲਗਾਤਾਰ ਆਤਮ-ਸਮਰਪਣ ਕਰਨ ਲਈ ਮਨਾ ਰਹੇ ਸਨ ਪਰ ਉਸ ਨੇ ਗੱਲ ਨਹੀਂ ਮੰਨੀ ਤੇ ਗੋਲ਼ੀ ਮਾਰ ਕੇ ਖ਼ੁਦਕੁਸ਼ੀ ਕਰ ਲਈ। ਪੁਲਿਸ ਨੇ ਕਿਹਾ ਕਿ ਕੇੱਲਮ ਬੇਘਰ ਸੀ ਤੇ ਉਹ ਆਲੇ-ਦੁਆਲੇ ਦੇ ਇਲਾਕਿਆਂ ’ਚ ਨਾਜਾਇਜ਼ ਕਬਜ਼ਾ ਕਰਨ ਦਾ ਕੰਮ ਕਰਦਾ ਸੀ।