ਗੁਜਰਾਤ ਦੇ ਰਾਜਪਾਲ ਆਚਾਰੀਆ ਦੇਵਵਰਤ ਨਾਲ ਮੁਲਾਕਾਤ ਤੋਂ ਬਾਅਦ ਸ਼ਨਿਚਰਵਾਰ ਨੂੰ ਮੁੱਖ ਮੰਤਰੀ ਵਿਜੈ ਰੂਪਾਣੀ ਨੇ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ। ਅਹਿਮਦਾਬਾਦ ‘ਚ ਵਿਸ਼ਵ ਪਾਟੀਦਾਰ ਸਮਾਜ ਦੇ ਸਰਦਾਰ ਧਾਮ ਦੇ ਉਦਘਾਟਨ ਦੇ ਚੰਦ ਘੰਟਿਆਂ ਬਾਅਦ ਰੁਪਾਣੀ ਦੇ ਅਸਤੀਫ਼ੇ ਨੂੰ ਗੁਜਰਾਤ ‘ਚ ਪਾਟੀਦਾਰ ਸਮਾਜ ਦੇ ਪਟੇਲ ਪਾਵਰ ਦੇ ਰੂਪ ‘ਚ ਦੇਖਿਆ ਜਾ ਰਿਹਾ ਹੈ। ਕੇਂਦਰੀ ਸੰਗਠਨ ਮਹਾਮੰਤਰੀ ਬੀਐੱਲ ਸੰਤੋਸ਼ ਸ਼ਨਿਚਰਵਾਰ ਨੂੰ ਅਚਾਨਕ ਗਾਂਧੀਨਗਰ ਪੁਹੰਚੇ, ਜਿੱਥੇ ਉਨ੍ਹਾਂ ਦੀ ਸੂਬਾ ਪ੍ਰਧਾਨ ਸੀਆਰ ਪਾਟਿਲ ਦੇ ਨਾਲ ਤੇ ਸੂਬਾ ਇੰਚਾਰਜ ਰਤਨਾਕਰ ਨਾਲ ਬੈਠਖ ਹੋਈ। ਇਸ ਤੋਂ ਬਾਅਦ ਰੂਪਾਣੀ ਅਸਤੀਫ਼ਾ ਦੇਣ ਪਹੁੰਚੇ।
ਰੂਪਾਣੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਭਾਜਪਾ ਦਾ ਧੰਨਵਾਦ ਕੀਤਾ ਤੇ ਕਿਹਾ ਕਿ ਪਾਰਟੀ ਉਨ੍ਹਾਂ ਨੂੰ ਜਿਹੜੀ ਵੀ ਜ਼ਿੰਮੇਵਾਰੀ ਸੌਂਪੇਗੀ, ਉਸ ਨੂੰ ਪੂਰਾ ਕਰਨਗੇ। ਰਾਜਪਾਲ ਦੇਵਵਰਤ ਨੂੰ ਰੁਪਾਣੀ ਜਦੋਂ ਅਸਤੀਫ਼ਾ ਦੇਣ ਪੁੱਜੇ ਤਾਂ ਕੇਂਦਰੀ ਮੰਤਰੀ ਮਨਸੁਖ ਮਾਂਡਵੀਆ, ਗੁਜਰਾਤ ਦੇ ਸੀਨੀਅਰ ਮੰਤਰੀ ਭੁਪਿੰਦਰ ਸਿੰਘ ਚੂੜਾਮਾਸਾ, ਗ੍ਰਹਿ ਰਾਜ ਮੰਤਰੀ ਪ੍ਰਦੀਪ ਸਿੰਘ ਜਡੇਜਾ ਆਦਿ ਨੇਤਾ ਵੀ ਉਨ੍ਹਾਂ ਦੇ ਨਾਲ ਸਨ। ਕੇਂਦਰੀ ਪਸ਼ੂ ਪਾਲਣ ਮੰਤਰੀ ਪੁਰਸ਼ੋਤਮ ਰੁਪਾਲਾ ਨੇ ਕਿਹਾ ਕਿ ਅਗਲੇ ਮੁੱਖ ਮੰਤਰੀ ਨੂੰ ਲੈ ਕੇ ਐਤਵਾਰ ਤਕ ਸਥਿਤੀ ਸਪੱਸ਼ਟ ਹੋ ਜਾਵੇਗੀ। ਓਧਰ, ਰੁਪਾਣੀ ਨੇ ਕਿਹਾ ਕਿ ਗੁਜਰਾਤ ਦੀਆਂ ਵਿਧਾਨ ਸਭਾ ਚੋਣਾਂ ਨਵੇਂ ਮੁੱਖ ਮੰਤਰੀ ਤੇ ਪ੍ਰਦੇਸ਼ ਭਾਜਪਾ ਪ੍ਰਧਾਨ ਸੀਆਰ ਪਾਟਿਲ ਦੀ ਅਗਵਾਈ ‘ਚ ਲੜੀਆਂ ਜਾਣਗੀਆਂ।
ਜ਼ਿਕਰਯੋਗ ਹੈ ਕਿ ਵਿਜੈ ਰੂਪਾਣੀ ਨੂੰ 2016 ‘ਚ ਤੱਤਕਾਲੀ ਮੁੱਖ ਮੰਤਰੀ ਆਨੰਦੀਬੇਨ ਪਟੇਲ ਨੂੰ ਹਟਾ ਕੇ ਗੁਜਰਾਤ ਦੀ ਕਮਾਨ ਸੌਂਪੀ ਗਈ ਸੀ। 2017 ਦੀਆਂ ਵਿਧਾਨ ਸਭਾ ਚੋਣਾਂ ਭਾਜਪਾ ਨੇ ਵਿਜੈ ਰੂਪਾਣੀ ਦੀ ਅਗਵਾਈ ‘ਚ ਲੜੀਆਂ ਸਨ ਤੇ ਇਹ ਚੋਣ ਜਿੱਤਣ ਵਿਚ ਭਾਜਪਾ ਨੂੰ ਕੜੀ ਮੁਸ਼ੱਕਤ ਕਰਨੀ ਪਈ ਸੀ। ਗੁਜਰਾਤ ‘ਚ ਅਗਲੇ ਸਾਲ ਵਿਧਾਨ ਸਭਾ ਚੋਣਾਂ ਹੋਣੀਆਂ ਹਨ। ਭਾਜਪਾ ਆਗਮੀ ਚੋਣਾਂ ਦੀ ਜਿੱਤ ਨੂੰ ਯਕੀਨੀ ਬਣਾਉਣ ਤੇ ਭਾਜਪਾ ਨੂੰ ਮੁੜ ਵੱਡੀ ਜਿੱਤ ਦਿਵਾਉਣ ਲਈ ਮੁੱਖ ਮੰਤਰੀ ਲਈ ਨਵਾਂ ਚਿਹਰਾ ਸਾਹਮਣੇ ਲਿਆਉਣਾ ਚਾਹੁੰਦੀ ਹੈ।