ਮਾਹਰਾਂ ਨੇ ਚਿਤਾਵਨੀ ਦਿੱਤੀ ਹੈ ਕਿ ਜੇਕਰ ਸਮਾਂ ਰਹਿੰਦਿਆਂ ਸਮੱਸਿਆ ਦਾ ਹੱਲ ਨਾ ਕੀਤਾ ਗਿਆ ਤਾਂ ਪਾਕਿਸਤਾਨ ’ਚ ਪਾਣੀ ਦੀ ਕਮੀ ਨਾਲ ਅਕਾਲ ਵਰਗੇ ਹਾਲਾਤ ਦਾ ਸਾਹਮਣਾ ਕਰਨਾ ਪਵੇਗਾ।
ਜਿਓ ਨਿਊਜ਼ ਨੇ ਮਾਹਰਾਂ ਦੀ ਇਸ ਰਿਪੋਰਟ ਨੂੰ ਵਿਸਥਾਰ ਨਾਲ ਪ੍ਰਕਾਸ਼ਿਤ ਕੀਤਾ ਹੈ। ਰਿਪੋਰਟ ਮੁਤਾਬਕ ਘੱਟ ਬਾਰਸ਼ ਕਾਰਨ ਦੇਸ਼ ਦੀਆਂ ਨਦੀਆਂ ਦੇ ਸੁੱਕਣ ਦਾ ਖ਼ਤਰਾ ਪੈਦਾ ਹੋ ਗਿਆ ਹੈ।
ਅਖ਼ਬਾਰ ਦੇ ਸੂਤਰਾਂ ਮੁਤਾਬਕ ਦੇਸ਼ ’ਚ ਪ੍ਰਤੀ ਵਿਅਕਤੀ ਪਾਣੀ ਦੀ ਉਪਲਬਧਤਾ ਬਹੁਤ ਹੀ ਘੱਟ ਜਾਂ ਕਹਿ ਸਕਦੇ ਹਾਂ ਕਿ ਖ਼ਤਰਨਾਕ ਸਥਿਤੀ ’ਚ ਪਹੁੰਚ ਗਈ ਹੈ। ਪੰਜਾਬ ਸੂਬੇ ’ਚ ਤਾਂ ਜ਼ਮੀਨ ਹੇਠਲਾ ਪਾਣੀ 600 ਫੁੱਟ ਤਕ ਹੇਠਾਂ ਉਤਰ ਗਿਆ ਹੈ। ਇੱਥੇ ਪਹਿਲਾਂ ਸਿਰਫ਼ ਪੰਜਾਹ ਫੁੱਟ ਦੀ ਦੂਰੀ ’ਤੇ ਜ਼ਮੀਨ ਹੇਠਾਂ ਪਾਣੀ ਮਿਲ ਜਾਂਦਾ ਸੀ। ਹਰ ਸਾਲ ਸਾਉਣੀ ਤੇ ਹਾਡ਼ੀ ਦੀ ਫ਼ਸਲ ’ਚ 45 ਫ਼ੀਸਦੀ ਤਕ ਪਾਣੀ ਦੀ ਕਮੀ ਰਹਿੰਦੀ ਹੈ।
ਮਾਹਰਾਂ ਨੇ ਕਿਹਾ ਹੈ ਕਿ ਜੇਕਰ ਸਮਾਂ ਰਹਿੰਦਿਆਂ ਨਵੀਆਂ ਜਲਗਾਹਾਂ ਦਾ ਨਿਰਮਾਣ ਤੇ ਪਾਣੀ ਦੀ ਬਰਬਾਦੀ ਨਾ ਰੋਕੀ ਗਈ ਤਾਂ ਹਾਲਾਤ ਅਕਾਲ ਤਕ ਪਹੁੰਚ ਜਾਣਗੇ।